ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਮੀਟਿੰਗ 6 ਸਤੰਬਰ (ਸ਼ਨੀਵਾਰ) ਨੂੰ ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਵੇਗੀ | ਇਸ ਮੀਟਿੰਗ ਦਾ ਸੱਦਾ ਪੱਤਰ ਸੰਤ ਸਮਾਜ ਦੇਣ ਲਈ ਲੌਂਗੋਵਾਲ ਪੁੱਜੇ ਭਾਈ ਹਰਬੇਅੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤੂਆਣਾ ਸਾਹਿਬ ਨੇ ਦੱਸਿਆ ਕਿ ਇਸ ਇਕੱਤਰਤਾ ਵਿਚ ਸੰਤ ਸਮਾਗਮ, ਕੀਰਤਨ ਦਰਬਾਰ, ਵਿਚਾਰ ਗੋਸ਼ਟੀ, ਗੁਰਮਤਿ ਸੰਗੀਤ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਿਸ਼ੇ ਤੇ ਸੈਮੀਨਾਰ, ਮੈਡੀਕਲ ਕੈਂਪ, ਬੱਚਿਆਂ ਲਈ ਦਸਤਾਰ ਸਿਖਲਾਈ ਕੈਂਪ, ਦਸਤਾਰ ਮੁਕਾਬਲੇ (ਦੋ ਗਰੁੱਪ 6ਵੀਂ ਤੋਂ 8ਵੀਂ ਜਮਾਤ ਅਤੇ 9ਵੀਂ ਤੋਂ 12ਵੀਂ ਜਮਾਤ), ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ (ਦੋ ਗਰੁੱਪ 6ਵੀਂ ਤੋਂ 8ਵੀਂ ਜਮਾਤ ਅਤੇ 9ਵੀਂ ਤੋਂ 12ਵੀਂ ਜਮਾਤ), ਰਾਗੀ ਜਥਿਆਂ ਦੇ ਕੀਰਤਨ ਮੁਕਾਬਲੇ, ਗਤਕਾ ਪ੍ਰਤੀਯੋਗਤਾ ਸਮਾਗਮਾਂ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਵਿਉਂਤਬੰਦੀ ਕਰਨ ਅਤੇ ਦਿਨ ਮਹੀਨਾ ਤੈਅ ਕਰਨ ਲਈ ਇਸ ਇਕੱਤਰਤਾ ਵਿਚ ਵਿਚਾਰਾਂ ਕੀਤੀਆਂ ਜਾਣਗੀਆਂ | ਲੌਂਗੋਵਾਲ ਪਹੁੰਚਣ ਤੇ ਬਾਬਾ ਕੁਲਵੰਤ ਸਿੰਘ ਕਾਂਤੀ, ਬਾਬਾ ਸਤਿਗੁਰ ਸਿੰਘ ਸ਼ੇਰੋ ਅਤੇ ਬਾਬਾ ਮੱਖਣ ਸਿੰਘ ਸਿੱਧ ਸਮਾਧਾਂ ਤੇ ਭਾਈ ਹਰਬੇਅੰਤ ਸਿੰਘ ਦਾ ਸਨਮਾਨ ਕੀਤਾ |