ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਦਰ ਇਕ ਵਿਅਕਤੀ ਦੇ ਘਰ ਦੀ ਛੱਤ ਡਿਗ ਗਈ ਜਿਸ ਨਾਲ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ | ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਵਿਅਕਤੀ ਪਿੰਡ ਰਾਮ ਸਿੰਘ ਭੈਣੀ ਦਾ ਰਹਿਣ ਵਾਲਾ ਹੈ | ਇਹ ਹਾਦਸਾ ਅੱਜ ਸਵੇਰੇ ਵਾਪਰਿਆ ਜਦੋਂ ਉਹ ਵਿਅਕਤੀ ਆਪਣੇ ਘਰ ਦੇ ਅੰਦਰ ਇੱਕ ਕਮਰੇ ਵਿਚ ਦਾਖਲ ਹੋ ਰਿਹਾ ਸੀ | ਜਦੋਂ ਉਸ ਵਿਅਕਤੀ ਨੇ ਦਰਵਾਜ਼ਾ ਖੋਲਿ੍ਹਆ ਤਾਂ ਛੱਤ ਅਚਾਨਕ ਡਿਗ ਗਈ | ਰਾਮ ਸਿੰਘ ਭੈਣੀ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਜਿਸ ਕਾਰਨ ਖੇਤਾਂ ਅੰਦਰ ਪਾਣੀ ਭਰ ਗਿਆ ਸੀ ਤੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਸੀ | ਜ਼ਖਮੀ ਚਿਮਨ ਸਿੰਘ ਅਤੇ ਉਸ ਦੇ ਭਤੀਜੇ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਤਿੰਨ ਪੱਕੇ ਕਮਰਿਆਂ ਨੂੰ ਨੁਕਸਾਨ ਹੋਇਆ ਹੈ | ਇਕ ਦੀ ਛੱਤ ਡਿਗ ਗਈ | ਜਦੋਂ ਕਿ ਦੂਜੇ ਦੀ ਦੀਵਾਰ ਢਹਿ ਢੇਰੀ ਹੋ ਗਈ | ਇਕ ਕੱਚਾ ਕਮਰਾ ਵੀ ਬਰਸਾਤ ਦੀ ਭੇਟ ਚੜ੍ਹ ਗਿਆ | ਹਸਪਤਾਲ ਦੇ ਸੀਨੀਅਰ ਸਰਜਨ ਡਾ. ਅਰਪਿਤ ਗੁਪਤਾ ਨੇ ਦੱਸਿਆ ਕਿ ਜ਼ਖਮੀ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ |