ਰਾੜਾ ਸਾਹਿਬ, 20 ਸਤੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)- ਪੰਜਾਬ ਵਿਚ ਆਏ ਦਿਨ ਪ੍ਰਵਾਸੀਆਂ ਵੱਲੋਂ ਨਿੱਤ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਇਸੇ ਤਰ੍ਹਾਂ ਅੱਜ ਕਸਬਾ ਰਾੜਾ ਸਾਹਿਬ ਵਿਖੇ ਮੋਹਿਤ ਨਾਂਅ ਦੇ ਇਕ ਪ੍ਰਵਾਸੀ ਵੱਲੋਂ ਇੱਕ ਛੋਟੇ ਪ੍ਰਵਾਸੀ ਬੱਚੇ ਸਲਮਾਨ (8 ਸਾਲ) ਪੁੱਤਰ ਸਾਬਰ ਅਲੀ ਮੂਲ ਵਾਸੀ ਗੋਰਖਪੁਰ, ਉਤਰ ਪ੍ਰਦੇਸ਼ ਨੂੰ ਮਾਮੂਲੀ ਗੱਲ ਕਰਕੇ ਜੋਰ ਨਾਲ ਧਰਤੀ 'ਤੇ ਪਟਕਾ ਕੇ ਸੁੱਟ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਉਕਤ ਬੱਚਾ ਕਨਫੈਕਸਨਰੀ ਦੀ ਦੁਕਾਨ ਦੇ ਅੱਗੇ ਛੋਟਾ ਜਿਹਾ ਬਰਫ਼ ਦਾ ਡਿੱਗਿਆ ਟੁਕੜਾ ਚੁੱਕ ਕੇ ਖਾਣ ਲੱਗਾ ਸੀ ਤਾਂ ਉਕਤ ਪ੍ਰਵਾਸੀ ਜੋ ਕਸਬਾ ਰਾੜਾ ਸਾਹਿਬ ਵਿਖੇ ਕਿਸੇ ਕਰਿਆਨਾ ਦੁਕਾਨ 'ਤੇ ਕੰਮ ਕਰਦਾ ਹੈ, ਨੇ ਉਸ ਨੂੰ ਬਰਫ਼ ਚੁੱਕਣ ਤੋਂ ਵਰਜਿਆ ਅਤੇ ਗ਼ੁੱਸੇ ਵਿਚ ਆ ਕੇ ਬੱਚੇ ਨੂੰ ਬੜੀ ਜੋਰ ਨਾਲ ਚੁੱਕ ਕੇ ਧਰਤੀ 'ਤੇ ਸੁੱਟ ਦਿੱਤਾ | ਜਿਸ ਨਾਲ ਬੱਚਾ ਬੇਹੋਸ਼ ਹੋ ਗਿਆ | ਸਥਾਨਕ ਲੋਕਾਂ ਨੇ ਤੁਰੰਤ ਬੱਚੇ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ | ਪੁਲਿਸ ਨੇ ਦੋਸ਼ੀ ਪ੍ਰਵਾਸੀ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |