ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਚ ਐਨ. ਐਸ. ਐਸ. ਯੂਨਿਟ ਵੱਲੋਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਾਂਤੀ ਹੀ ਵਿਕਾਸ ਦਾ ਆਧਾਰ ਹੈ | ਜੇਕਰ ਸਮਾਜ ਵਿਚ ਸਦਭਾਵਨਾ ਅਤੇ ਪਿਆਰ ਦੀ ਭਾਵਨਾ ਹੋਵੇਗੀ ਤਾਂ ਹੀ ਅਸਲ ਮਾਇਨਿਆਂ ਵਿਚ ਤਰੱਕੀ ਕਰ ਸਕਣਾ ਸੰਭਵ ਹੋ ਸਕਦਾ ਹੈ | ਇਸ ਮੌਕੇ ਪ੍ਰੋਫੈਸਰ ਜਸ਼ਨਪ੍ਰੀਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਂਤੀ, ਸਹਿਯੋਗ ਅਤੇ ਆਪਸੀ ਸਮਝ ਦਾ ਸੰਦੇਸ਼ ਫੈਲਾਉਣ ਦੀ ਲੋੜ ਹੈ | ਸਿੱਖਿਆ ਦਾ ਅਸਲ ਉਦੇਸ਼ ਵੀ ਇਨਸਾਨੀਅਤ ਅਤੇ ਸ਼ਾਂਤੀ ਦੀ ਸਥਾਪਨਾ ਕਰਨਾ ਹੈ | ਅੰਤ ਵਿਚ ਸਾਰਿਆਂ ਨੇ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸੰਕਲਪ ਲਿਆ | ਸੰਸਥਾ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਜਤਿੰਦਰ ਦੇਵਗਨ (ਸੰਯੁਕਤ ਸਕੱਤਰ), ਰਮਰੀਸ਼ ਵਿਜ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ |