ਯਮੁਨਾਨਗਰ, 30 ਅਗਸਤ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਫੋਰਮ ਆਫ਼ ਫ੍ਰੀ ਇੰਟਰਪ੍ਰਾਈਜਿਜ਼ ਤੇ ਐਮ. ਆਰ. ਪਾਈ ਫਾਊਾਡੇਸ਼ਨ ਮੁੰਬਈ ਦੇ ਸਹਿਯੋਗ ਨਾਲ 59ਵਾਂ ਐਡੀ ਸ਼ਰਾਫ ਮੈਮੋਰੀਅਲ ਐਲੋਕਿਊਸ਼ਨ ਮੁਕਾਬਲਾ ਕਰਵਾਇਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਦੇਸ਼ ਦੀ ਮੌਜੂਦਾ ਆਰਥਿਕਤਾ ਨਾਲ ਸੰਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ 'ਤੇ ਚਰਚਾ ਕਰਨ ਲਈ ਢੁਕਵਾਂ ਪਲੇਟਫਾਰਮ ਪ੍ਰਦਾਨ ਕਰਨਾ ਸੀ | ਇਸ ਮੁਕਾਬਲੇ ਦੌਰਾਨ ਮੋਨਿਕਾ ਚੋਪੜਾ, ਡਾ. ਅੰਜੂ ਮਿੱਤਲ ਤੇ ਡਾ. ਸ਼ੈਲੀ ਜੈਨ ਨੇ ਜੱਜਾਂ ਦੀ ਭੂਮਿਕਾ ਨਿਭਾਈ | ਇਸ ਮੌਕੇ ਬੀ. ਏ. ਬੀ. ਐਡ. ਪਹਿਲੇ ਸਾਲ ਦੀ ਅਦਿਤੀ ਨੇ ਪਹਿਲਾ, ਅਰਥ ਸ਼ਾਸਤਰ ਆਨਰਜ਼ ਤੀਜੇ ਸਾਲ ਦੀ ਮਨਸ਼ਾ ਨੇ ਦੂਜਾ ਤੇ ਬੀ. ਏ. ਇੰਗਲਿਸ਼ ਆਨਰਜ਼ ਦੀ ਸਿ੍ਸ਼ਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣਾਂ ਦੇ ਉਤਸ਼ਾਹ ਨੂੰ ਵੇਖਦਿਆਂ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਬੱਚੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੇ ਮੁਕਾਬਲਿਆਂ 'ਚ ਭਾਗ ਲੈਣ ਸੰਬੰਧੀ ਉਤਸ਼ਾਹਿਤ ਕੀਤਾ | ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਅਰਥ ਸ਼ਾਸਤਰ ਵਿਭਾਗ ਦੇ ਸਾਰੇ ਅਧਿਆਪਕਾਂ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ |