ਯਮੁਨਾਨਗਰ, 30 ਅਗਸਤ (ਗੁਰਦਿਆਲ ਸਿੰਘ ਨਿਮਰ)-ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਖੇਤਰੀ ਨਿਰਦੇਸ਼ਕ ਡਾ. ਧਰਮਪਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਇਗਨੂ ਦੇ ਵੱਖ-ਵੱਖ ਕੋਰਸਾਂ 'ਚ ਜੁਲਾਈ 2025 ਸੈਸ਼ਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਆਪਣੇ ਦਸਤਾਵੇਜ਼ ਅਪਲੋਡ ਕੀਤੇ ਹਨ, ਪਰ ਅਜੇ ਤੱਕ ਫੀਸਾਂ ਦਾ ਭੁਗਤਾਨ ਨਹੀਂ ਕੀਤਾ, ਉਹ 31 ਅਗਸਤ ਤੱਕ ਆਪਣੀਆਂ ਫੀਸਾਂ ਦਾ ਭੁਗਤਾਨ ਕਰ ਸਕਦੇ ਹਨ ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ ਤੇ ਉਹ ਦਾਖ਼ਲੇ ਤੋਂ ਵਾਂਝੇ ਰਹਿ ਜਾਣਗੇ | ਉਨ੍ਹਾਂ ਦੱਸਿਆ ਕਿ ਉਮੀਦਵਾਰ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਫੀਸ ਦਾ ਭੁਗਤਾਨ ਆਨਲਾਈਨ ਕਰ ਸਕਦੇ ਹਨ | ਫੀਸ ਦੇ ਭੁਗਤਾਨ ਪ੍ਰਕਿਰਿਆ ਇਗਨੂ ਦੀ ਅਧਿਕਾਰਤ ਵੈੱਬਸਾਈਟ www.ignou.ac.in 'ਤੇ ਉਪਲੱਬਧ ਹੈ | ਉਨ੍ਹਾਂ ਕਿਹਾ ਕਿ ਇਗਨੂ ਭਾਰਤ ਦੀ ਸਭ ਤੋਂ ਪ੍ਰਸਿੱਧ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਆਨਲਾਈਨ ਸਿਖਲਾਈ ਤੇ ਓਪਨ ਤੇ ਡਿਸਟੈਂਸ ਲਰਨਿੰਗ ਲਈ ਜਾਣੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਗਨੂ 'ਚ ਦਾਖਲੇ ਲਈ ਸਾਲ 'ਚ ਦੋ ਵਾਰ ਫਾਰਮ ਭਰੇ ਜਾਂਦੇ ਹਨ | ਇਸ ਸਮੇਂ ਜੁਲਾਈ 2025 ਸੈਸ਼ਨ ਲਈ ਪਹਿਲੇ ਜਨਵਰੀ ਸੈਸ਼ਨ ਤੇ ਦੂਜੇ ਜੁਲਾਈ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਇਗਨੂ ਦੀ ਡਿਸਟੈਂਸ ਸਿੱਖਿਆ ਪ੍ਰਣਾਲੀ ਅਜਿਹੇ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਲਈ ਇਕ ਢੁਕਵਾਂ ਪਲੇਟਫਾਰਮ ਹੈ, ਜਿਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਸਰਟੀਫਿਕੇਟ ਕੋਰਸਾਂ ਨੂੰ ਛੱਡ ਕੇ ਯੋਗ ਉਮੀਦਵਾਰ ਅਜੇ ਵੀ ਹੋਰ ਸਾਰੇ ਯੂ. ਜੀ., ਪੀ. ਜੀ., ਡਿਪਲੋਮਾ ਅਤੇ ਪੀ. ਜੀ. ਡਿਪਲੋਮਾ ਕੋਰਸਾਂ 'ਚ ਦਾਖਲਾ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਕੋਰਸਾਂ ਤੇ ਯੋਗਤਾ ਮਾਪਦੰਡਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਇਗਨੂ ਦੀ ਵੈੱਬਸਾਈਟ 'ਤੇ ਉਪਲੱਬਧ ਹੈ |