ਯਮੁਨਾਨਗਰ, 30 ਅਗਸਤ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਵਲੋਂ ਨਵੀਨਤਾ ਤੇ ਸਟਾਰਟਅੱਪ ਈਕੋਸਿਸਟਮ ਨੂੰ ਸਮਰਥਨ ਦੇਣ ਦੇ ਉਦੇਸ਼ ਤਹਿਤ ਵਿਸ਼ੇਸ਼ ਸੈਸ਼ਨ ਕਰਵਾਇਆ | ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਤੇ ਆਈ. ਸੀ. ਸੀ. ਕਨਵੀਨਰ ਵਿਵੇਕ ਦੀ ਅਗਵਾਈ ਹੇਠ ਕਰਵਾਏ ਸੈਸ਼ਨ ਦੌਰਾਨ ਮੁੱਖ ਬੁਲਾਰੇ ਵਜੋਂ ਪੁੱਜੇ ਇਨੋਵੇਸ਼ਨ ਅੰਬੈਸਡਰ ਮਨਿਕਾ ਸੇਠੀ ਨੇ ਕਿਹਾ ਕਿ ਅੱਜ ਦਾ ਯੁੱਗ ਨਵੀਨਤਾ ਤੇ ਉੱਦਮਤਾ ਦਾ ਯੁੱਗ ਹੈ | ਸਟਾਰਟਅੱਪ ਸੱਭਿਆਚਾਰ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਅਤੇ ਭਾਰਤ ਵੀ ਇਸ ਖੇਤਰ 'ਚ ਕਿਸੇ ਤੋਂ ਪਿੱਛੇ ਨਹੀਂ ਹੈ | ਸਰਕਾਰ ਦੁਆਰਾ ਨਿਰੰਤਰ ਅਨੁਕੂਲ ਨੀਤੀਆਂ, ਵਿੱਤੀ ਸਹਾਇਤਾ ਤੇ ਤਕਨੀਕੀ ਬੁਨਿਆਦੀ ਢਾਂਚੇ ਦੀ ਸਿਰਜਣਾ ਇਸ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਈਕੋਸਿਸਟਮ ਸਮਰਥਕ ਉਹ ਵਿਅਕਤੀ ਜਾਂ ਸੰਗਠਨ ਹਨ ਜੋ ਸਟਾਰਟਅੱਪਸ ਨੂੰ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਸਫਲ ਬਣਾਉਣ 'ਚ ਮਦਦ ਕਰਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਨੈੱਟਵਰਕਿੰਗ, ਵਿੱਤੀ ਸਹਾਇਤਾ ਅਤੇ ਵਿਕਾਸ ਰਾਹੀਂ ਸਟਾਰਟਅੱਪਸ ਨੂੰ ਸਫਲ ਬਣਾ ਸਕਦੇ ਹਾਂ | ਉਨ੍ਹਾਂ ਦੱਸਿਆ ਕਿ ਚਾਰ ਤਰ੍ਹਾਂ ਦੇ ਨਵੀਨਤਾ ਅਤੇ ਈਕੋਸਿਸਟਮ ਸਮਰਥਕ ਹਨ, ਜਿਨ੍ਹਾਂ 'ਚ ਇਨਕਿਊਬੇਟਰ, ਐਕਸਲੇਟਰ, ਸਲਾਹਕਾਰ ਅਤੇ ਨਿਵੇਸ਼ਕ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਨਵੀਨਤਾ ਕਿਸੇ ਵੀ ਦੇਸ਼ ਦੀ ਤਰੱਕੀ ਦੀ ਨੀਂਹ ਹੁੰਦੀ ਹੈ | ਇਹ ਸਿਰਫ਼ ਨਵੇਂ ਵਿਚਾਰਾਂ ਦੀ ਖੋਜ ਤੱਕ ਸੀਮਿਤ ਨਹੀਂ ਹੈ, ਸਗੋਂ ਇਨ੍ਹਾਂ ਵਿਚਾਰਾਂ ਨੂੰ ਵਿਵਹਾਰਕ ਰੂਪ ਦੇਣਾ ਤੇ ਸਮਾਜ ਅਤੇ ਬਾਜ਼ਾਰ 'ਚ ਲਾਗੂ ਕਰਨਾ ਵੀ ਨਵੀਨਤਾ ਦਾ ਇਕ ਹਿੱਸਾ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚ ਨੌਜਵਾਨ ਪੀੜ੍ਹੀ ਵੱਡੀ ਗਿਣਤੀ 'ਚ ਤਕਨੀਕੀ ਅਤੇ ਰਚਨਾਤਮਕ ਹੁਨਰਾਂ ਨਾਲ ਉੱਭਰ ਰਹੀ ਹੈ, ਜਿਸ ਕਾਰਨ ਸਿਹਤ, ਸਿੱਖਿਆ, ਖੇਤੀਬਾੜੀ, ਵਿੱਤ, ਆਵਾਜਾਈ ਤੇ ਸੰਚਾਰ ਵਰਗੇ ਵੱਖ-ਵੱਖ ਖੇਤਰਾਂ 'ਚ ਨਵੇਂ ਸਟਾਰਟਅੱਪ ਉੱਭਰ ਰਹੇ ਹਨ | ਇਸ ਮੌਕੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਨਵੇਂ ਸਟਰਾਟਅੱਪਸ ਲਈ ਉਤਸ਼ਾਹਿਤ ਕੀਤਾ, ਜਦ ਕਿ ਆਈ. ਸੀ. ਸੀ. ਕਨਵੀਨਰ ਵਿਵੇਕ ਨੇ ਕਿਹਾ ਕਿ ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਭਾਰਤ ਦੇ ਆਰਥਿਕ ਅਤੇ ਸਮਾਜਿਕ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਇਹ ਨਾ ਸਿਰਫ਼ ਨੌਕਰੀਆਂ ਪੈਦਾ ਕਰ ਰਿਹਾ ਹੈ, ਬਲਕਿ ਤਕਨੀਕੀ ਸਵੈ-ਨਿਰਭਰਤਾ ਅਤੇ ਵਿਸ਼ਵਵਿਆਪੀ ਮੁਕਾਬਲੇ 'ਚ ਭਾਰਤ ਦੀ ਸਥਿਤੀ ਨੂੰ ਵੀ ਮਜ਼ਬੂਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਗਤੀ ਅਤੇ ਸਹਿਯੋਗ ਜਾਰੀ ਰਿਹਾ ਤਾਂ ਭਾਰਤ ਨੇੜਲੇ ਭਵਿੱਖ 'ਚ ਦੁਨੀਆ ਦਾ ਸਭ ਤੋਂ ਵੱਡਾ ਨਵੀਨਤਾ ਕੇਂਦਰ ਤੇ ਸਟਾਰਟਅੱਪ ਹੱਬ ਬਣ ਸਕਦਾ ਹੈ | ਸੈਸ਼ਨ ਨੂੰ ਸਫ਼ਲ ਬਣਾਉਣ 'ਚ ਮਮਤਾ ਥਾਪਰ, ਨੇਹਾ ਠਾਕੁਰ ਅਤੇ ਹਰਸ਼ ਸ਼ਰਮਾ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ |