ਨਾਰਾਇਣਗੜ੍ਹ, 30 ਅਗਸਤ (ਪੀ ਸਿੰਘ)-ਐਸ. ਡੀ. ਐਮ. ਸ਼ਿਵਜੀਤ ਭਾਰਤੀ ਵਲੋਂ ਪਿੰਡ ਧਨਾਨਾ ਵਿਖੇ ਕਰਵਾਏ ਗਏ ਰਾਤ ਦੇ ਠਹਿਰਨ ਦੇ ਪ੍ਰੋਗਰਾਮ 'ਚ ਸ਼ਿਰਕਤ ਕਰਦਿਆਂ ਪਿੰਡ ਵਾਸੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈ | ਇਸ ਦੌਰਾਨ ਐਸ. ਡੀ. ਐਮ. ਨੇ ਹਾਜ਼ਰ ਵਿਭਾਗੀ ਅਧਿਕਾਰੀਆਂ ਨੂੰ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਕਈ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ, ਜਦ ਕਿ ਬਾਕੀ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਐਸ. ਡੀ. ਐਮ. ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਰਾਤ ਠਹਿਰਨ ਦੇ ਪ੍ਰੋਗਰਾਮ ਦਾ ਮੁੱਖ ਉਦੇਸ਼ ਇਹ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਪਿੰਡਾਂ 'ਚ ਜਾ ਕੇ ਪਿੰਡ ਵਾਸੀਆਂ ਨਾਲ ਸਿੱਧਾ ਸੰਪਰਕ ਕਰਨ ਤੇ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪ੍ਰਸ਼ਾਸਨ ਤੇ ਜਨਤਾ ਵਿਚਕਾਰ ਵਿਸ਼ਵਾਸ ਵਧਾਉਂਦੇ ਹਨ ਅਤੇ ਸਰਕਾਰੀ ਯੋਜਨਾਵਾਂ ਦੇ ਲਾਭ ਲੋਕਾਂ ਤੱਕ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਪਹੁੰਚਦੇ ਹਨ | ਇਸ ਤੋਂ ਪਹਿਲਾਂ ਸਮਾਗਮ ਵਾਲੀ ਥਾਂ 'ਤੇ ਪਹੁੰਚਣ 'ਤੇ ਪਿੰਡ ਦੇ ਸਰਪੰਚ ਕੈਪਟਨ ਕੇਹਰ ਸਿੰਘ ਨੇ ਐਸ. ਡੀ. ਐਮ. ਅਤੇ ਹੋਰਨਾਂ ਅਧਿਕਾਰੀਆਂ ਦਾ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਵਾਗਤ ਕੀਤਾ ਅਤੇ ਪਿੰਡ ਦੀਆਂ ਮੁੱਖ ਸਮੱਸਿਆਵਾਂ ਤੇ ਵਿਕਾਸ ਨਾਲ ਸੰਬੰਧਤ ਮੰਗਾਂ ਰੱਖੀਆਂ | ਪ੍ਰੋਗਰਾਮ ਦੌਰਾਨ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ, ਲੋਕ ਭਲਾਈ ਪ੍ਰੋਗਰਾਮਾਂ ਅਤੇ ਵਿਕਾਸ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਪਿੰਡ ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਖੇਤੀਬਾੜੀ, ਸਿਹਤ, ਸਿੱਖਿਆ, ਮਹਿਲਾ ਤੇ ਬਾਲ ਭਲਾਈ, ਸਿਹਤ, ਸਮਾਜਿਕ ਸੁਰੱਖਿਆ ਅਤੇ ਸਵੈ-ਰੁਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਮੌਕੇ ਪਿੰਡ ਵਾਸੀਆਂ ਨੇ ਰਾਤ ਠਹਿਰਨ ਦੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਸਿੱਧੇ ਤੌਰ 'ਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਹੈ | ਇਸ ਮੌਕੇ ਪਿੰਡ ਦੇ ਸਰਪੰਚ ਕੈਪਟਨ ਕੇਹਰ ਸਿੰਘ ਨੇ ਐਸ. ਡੀ. ਐਮ. ਨੂੰ ਆਪਣੀ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਪਿੰਡ 'ਚ ਇਕ ਪੀ. ਐਚ. ਸੀ. ਬਣਾਇਆ ਗਿਆ ਹੈ, ਜਿਸ 'ਚ ਸਟਾਫ ਤੇ ਡਾਕਟਰਾਂ ਦੀ ਘਾਟ ਹੈ | ਇਸ ਤੋਂ ਇਲਾਵਾ ਉਨ੍ਹਾਂ ਪਿੰਡ 'ਚ ਇਕ ਮਿੰਨੀ ਸਪੋਰਟਸ ਸਟੇਡੀਅਮ ਬਣਾਉਣ, ਪਸ਼ੂ ਹਸਪਤਾਲ ਨੂੰ ਅੱਪਗ੍ਰੇਡ ਕਰਨ ਅਤੇ ਇਕ ਕਬੱਡੀ ਨਰਸਰੀ ਖੋਲ੍ਹਣ ਦੀ ਬੇਨਤੀ ਵੀ ਕੀਤੀ | ਪ੍ਰੋਗਰਾਮ 'ਚ ਪਿੰਡ ਧਨਾਨਾ ਸਮੇਤ ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ 51 ਸਮੱਸਿਆਵਾਂ ਉਠਾਈਆਂ ਗਈਆਂ, ਜੋ ਮੁੱਖ ਤੌਰ 'ਤੇ ਬਿਜਲੀ, ਪਾਣੀ, ਡਰੇਨੇਜ, ਸਿਹਤ ਤੇ ਸੈਨੀਟੇਸ਼ਨ, ਨਾਜਾਇਜ਼ ਕਬਜ਼ੇ ਹਟਾਉਣ, ਪਰਿਵਾਰਕ ਸ਼ਨਾਖਤੀ ਕਾਰਡ 'ਚ ਵੱਧ ਆਮਦਨ, ਵੱਧ ਬਿਜਲੀ ਦੇ ਬਿੱਲ ਆਦਿ ਨਾਲ ਸੰਬੰਧਤ ਸਨ | ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਐਸ. ਡੀ. ਐਮ. ਵਲੋਂ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ | ਇਸ ਮੌਕੇ ਸੀ. ਈ. ਓ. ਜ਼ਿਲ੍ਹਾ ਪ੍ਰੀਸ਼ਦ ਗਗਨਦੀਪ ਸਿੰਘ, ਆਰ. ਟੀ. ਏ. ਸੁਸ਼ੀਲ ਕੁਮਾਰ, ਡੀ. ਐਸ. ਪੀ. ਸੂਰਜ ਚਾਵਲਾ, ਡੀ. ਡੀ. ਪੀ. ਓ. ਦਿਨੇਸ਼ ਸ਼ਰਮਾ, ਨਾਇਬ ਤਹਿਸੀਲਦਾਰ ਅਮਿਤ ਵਰਮਾ ਅਤੇ ਬੀ. ਡੀ. ਪੀ. ਓ. ਸ਼ਬਨਮ ਰੇਲਹਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |