ਸਿਰਸਾ, 30 ਅਗਸਤ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਵਿਚ ਪਿੰਡ ਸਾਹੂਵਾਲਾ ਸੈਕਿੰਡ ਸਕੂਲ ਦੀ ਅੰਡਰ-17 ਕਬੱਡੀ (ਲੜਕੀਆਂ) ਟੀਮ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣ ਜੰਨਤ ਨੇ ਸ਼ਤਰੰਜ ਵਿਚ ਬਲਾਕ ਦੀ ਨੁਮਾਇੰਦਗੀ ਕਰਦੇ ਹੋਏ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਵਿਦਿਆਰਥਣ ਬਲਵਿੰਦਰ ਨੇ ਅੰਡਰ-17 50 ਕਿੱਲੋ ਭਾਰ ਵਰਗ ਦੇ ਮੁੱਕੇਬਾਜ਼ੀ ਮੁਕਾਬਲੇ ਵਿਚ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਸਕੂਲ ਦੀ ਪਿ੍ੰਸੀਪਲ ਮੰਜੂ ਪੂਨੀਆ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਡੀ. ਪੀ. ਈ. ਜੋਗਿੰਦਰ ਸਿੰਘ, ਪੀ. ਟੀ. ਆਈ. ਭਗਵਾਨ, ਪੀ. ਜੀ. ਟੀ. ਹਿੰਦੀ ਸੁਮਨ ਸਮੇਤ ਸਕੂਲ ਦੇ ਸਮੁੱਚੇ ਸਟਾਫ਼ ਅਤੇ ਖਿਡਾਰੀਆਂ ਨੂੰ ਹਲਾਸ਼ੇਰੀ ਦਿੱਤੀ ਹੈ | ਪਿੰਸੀਪਲ ਨੇ ਦੱਸਿਆ ਹੈ ਕਿ ਸਕੂਲ ਦੀ ਟੀਮ ਨੇ ਵਿਗਿਆਨ ਨਾਟਕ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਬਲਾਕ ਸਿੱਖਿਆ ਦਫ਼ਤਰ ਨਾਥੂਸਰੀ ਚੌਪਟਾ ਵਿਖੇ ਇਕ ਵਿਗਿਆਨ ਨਾਟਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ 43 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਪ੍ਰੋਗਰਾਮ ਵਿਚ ਸਾਹੂਵਾਲਾ ਸੈਕਿੰਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਅਗਲੇ ਪੱਧਰ ਲਈ ਕੁਆਲੀਫਾਈ ਕੀਤਾ ਹੈ | ਸਕੂਲ ਪਿ੍ੰਸੀਪਲ ਮੰਜੂ ਪੂਨੀਆ ਨੇ ਇਸ ਪ੍ਰਾਪਤੀ 'ਤੇ ਵਿਗਿਆਨ ਅਧਿਆਪਕਾ ਕੁਮਾਰੀ ਰਿੰਕੂ ਤੇ ਪੂਰੀ ਟੀਮ ਨੂੰ ਵਧਾਈ ਦਿੱਤੀ |