ਕਾਲਾਂਵਾਲੀ/ਸਿਰਸਾ, 30 ਅਗਸਤ (ਭੁਪਿੰਦਰ ਪੰਨੀਵਾਲੀਆ)-ਘੱਗਰ ਨਦੀ ਵਿਚ ਆਏ ਪਾਣੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਪਿੰਡ ਮੱਤੜ, ਲਹਿੰਗੇਵਾਲਾ ਤੇ ਰੰਗਾ ਆਦਿ ਪਿੰਡਾਂ ਦੇ ਲੋਕਾਂ ਵਲੋਂ ਘੱਗਰ ਨਦੀ ਦੇ ਬੰਨ੍ਹਾਂ 'ਤੇ ਮਿੱਟੀ ਨਾਲ ਬੋਰੀਆਂ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ | ਪਿੰਡ ਮੱਤੜ ਦੇ ਸਰਪੰਚ ਅਜਾਇਬ ਸਿੰਘ, ਪਿੰਡ ਲਹਿੰਗੇਵਾਲਾ ਦੇ ਸਰਪੰਚ ਮੱਖਣ ਸਿੰਘ ਤੇ ਪਿੰਡ ਰੰਗਾ ਦੇ ਸਰਪੰਚ ਕਰਮਜੀਤ ਸਿੰਘ, ਪਟਵਾਰੀ ਦਿਗਵਿਜੇ ਸਿੰਘ ਆਦਿ ਨੇ ਦੱਸਿਆ ਕਿ ਭਾਵੇਂ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਥੋੜਾ ਘਟਣਾ ਸ਼ੁਰੂ ਹੋ ਗਿਆ ਹੈ, ਪਰ ਫਿਰ ਵੀ ਇਸ 'ਤੇ ਮਿੱਟੀ ਪਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਹੁਣ ਵੀ ਜਾਰੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਘੱਗਰ ਨਦੀ ਵਿਚ ਹੋਰ ਪਾਣੀ ਆਉਣ 'ਤੇ ਲੋਕਾਂ ਨੂੰ ਦਿੱਕਤ ਦਾ ਸਾਮਹਣ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਵਲੋਂ ਪਹਿਰਾ ਲਾ ਕੇ ਦਿਨ ਰਾਤ ਬੰਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਸਮੇਂ-ਸਮੇਂ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਆ ਰਹੇ ਹਨ | ਇਨ੍ਹਾਂ ਪਿੰਡਾਂ ਦੇ ਲੋਕ 2023 ਵਿਚ ਆਏ ਹੜ੍ਹ ਤੋਂ ਸਬਕ ਲੈ ਰਹੇ ਹਨ ਅਤੇ ਇਸ ਵਾਰ ਉਹ ਘੱਗਰ ਨਦੀ 'ਤੇ ਪੂਰੀ ਤਰ੍ਹਾਂ ਚੌਕਸੀ ਵਰਤ ਰਹੇ ਹਨ |