ਜਲੰਧਰ, 20 ਸਤੰਬਰ (ਐੱਮ. ਐੱਸ. ਲੋਹੀਆ)-ਕੈਨੇਡਾ 'ਚ ਬੈਠੇ ਸੰਦੀਪ ਸਿੰਘ ਨੇ ਸ਼ਹਿਰ ਦੇ ਨਾਮੀ ਵਕੀਲ ਮਨਦੀਪ ਸਿੰਘ ਸਚਦੇਵਾ ਤੋਂ ਡੇਢ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਜੋ ਪੂਰੀ ਨਾ ਹੋਣ 'ਤੇ ਉਸ ਨੇ ਅੱਜ ਵਕੀਲ ਸਚਦੇਵਾ ਦੇ ਪਰਿਵਾਰ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਦਿੱਤੀਆਂ ਹਨ | ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਕੀਲ ਸਚਦੇਵਾ ਨੇ ਕਿਹਾ ਕਿ ਉਹ ਬਹੁਤ ਦਿਨਾਂ ਤੋਂ ਪੁਲਿਸ ਤੋਂ ਮੰਗ ਕਰ ਰਹੇ ਸਨ, ਕਿ ਸੰਦੀਪ ਸਿੰਘ ਵਲੋਂ ਚਲਾਏ ਜਾਂਦੇ ਸੋਸ਼ਲ ਮੀਡੀਆ ਅਕਾਉਂਟਾਂ ਨੂੰ ਬੰਦ ਕੀਤਾ ਜਾਵੇ, ਜੇਕਰ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੁੰਦਾ, ਤਾਂ ਅੱਜ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਪੋਸਟਾਂ ਨਾ ਪਾਈਆਂ ਜਾਂਦੀਆਂ | ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਫਿਰੌਤੀ ਦੀ ਵਸੂਲੀ ਕਰਨ ਆਏ ਨੌਜਵਾਨ ਸੈਮ ਕਵਾਤਰਾ ਨੂੰ ਵੀ ਜਾਂਚ ਤੋਂ ਬਾਅਦ ਛੱਡ ਦਿੱਤਾ ਹੈ, ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਸੈਮ ਨੂੰ ਸੰਦੀਪ ਸਿੰਘ ਨੇ ਧਮਕੀਆਂ ਦੇ ਕੇ ਉਸ ਕੋਲੋਂ ਪੈਸੇ ਦੀ ਵਸੂਲੀ ਕਰਨ ਭੇਜਿਆ ਸੀ | ਵਕੀਲ ਸਚਦੇਵਾ ਦਾ ਕਹਿਣਾ ਹੈ ਕਿ ਜੇਕਰ ਸੈਮ ਵੀ ਉਨ੍ਹਾਂ ਵਾਂਗ ਸੰਦੀਪ ਸਿੰਘ ਦੀਆਂ ਧਮਕੀਆਂ ਦਾ ਸ਼ਿਕਾਰ ਬਣਿਆ ਹੈ, ਤਾਂ ਪੁਲਿਸ ਨੂੰ ਚਾਹੀਦਾ ਹੈ ਕਿ ਸੈਮ ਦੀ ਸ਼ਿਕਾਇਤ 'ਤੇ ਉਹ ਸੰਦੀਪ ਸਿੰਘ ਖ਼ਿਲਾਫ਼ ਇਕ ਹੋਰ ਐਫ਼.ਆਈ.ਆਰ. ਦਰਜ ਕਰੇ, ਪਰ ਪੁਲਿਸ ਵਲੋਂ ਅਜਿਹਾ ਕੁਝ ਨਹੀਂ ਕੀਤਾ ਜਾ ਰਿਹਾ | ਵਕੀਲ ਸਚਦੇਵਾ ਨੇ ਕਿਹਾ ਕਿ ਇਸ ਤੋਂ ਸਾਫ਼ ਲੱਗ ਰਿਹਾ ਹੈ ਕਿ ਇਸ ਸਾਰੀ ਖੇਡ ਪਿੱਛੇ ਕਿਸੇ ਵੱਡੇ ਬੰਦੇ ਦੀ ਸਾਜਿਸ਼ ਹੈ | ਵਕੀਲ ਸਚਦੇਵਾ ਦੇ ਹੱਕ 'ਚ ਆਈ ਬਾਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਨੋ ਵਰਕ ਡੇਅ ਰੱਖਣ ਦਾ ਫੈਸਲਾ ਕੀਤਾ ਹੈ | ਐਸੋਸੀਏਸ਼ਨ ਦੇ ਇਕ ਵਫ਼ਦ ਨੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇਸ ਮਾਮਲੇ 'ਚ ਜਲਦੀ ਅਤੇ ਠੋਸ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ | ਵਰਨਣਯੋਗ ਹੈ ਕਿ ਕੈਨੇਡਾ ਬੈਠੇ ਸੰਦੀਪ ਸਿੰਘ ਨਾਂਅ ਦੇ ਵਿਅਕਤੀ ਨੇ ਵਕੀਲ ਮਨਦੀਪ ਸਿੰਘ ਸਚਦੇਵਾ ਤੋਂ ਡੇਢ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ, ਜਿਸ ਦੀ ਵਸੂਲੀ ਲਈ ਸੈਮ ਕਵਾਤਰਾ ਨਾਂਅ ਦਾ ਨੌਜਵਾਨ ਸ਼ੁਕਰਵਾਰ ਦੀ ਸ਼ਾਮ ਨੂੰ ਵਕੀਲ ਦੇ ਦਫ਼ਤਰ ਉਸ ਕੋਲੋਂ ਵਸੂਲੀ ਕਰਨ ਪਹੁੰਚਿਆ ਸੀ, ਜਿਸ ਨੂੰ ਉੱਥੇ ਪਹਿਲਾਂ ਤੋਂ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਾਬੂ ਕਰ ਲਿਆ ਸੀ, ਜਿਸ ਤੋਂ ਬਾਅਦ ਸੈਮ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਸੰਦੀਪ ਸਿੰਘ ਵਲੋਂ ਉਸ ਨੂੰ ਧਮਕਾਇਆ ਗਿਆ ਸੀ ਅਤੇ ਫਿਰੌਤੀ ਦੀ ਰਕਮ ਦੀ ਵਸੂਲੀ ਲਈ ਭੇਜਿਆ ਗਿਆ ਸੀ | ਪੁਲਿਸ ਨੇ ਸੈਮ ਦਾ ਮੋਬਾਈਲ ਫੋਨ ਲੈ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਸੈਮ ਖ਼ਿਲਾਫ਼ ਬਿਨਾ ਕੋਈ ਕਾਰਵਾਈ ਕੀਤੇ ਉਸ ਨੂੰ ਘਰ ਭੇਜ ਦਿੱਤਾ ਸੀ |