12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਆਪਸੀ ਵਪਾਰ ’ਚ ਆਉਣ ਵਾਲੀਆਂ ਰੁਕਾਵਟਾਂ ਦੀ ਘੋਖ ਕਰਨ ਬ੍ਰਿਕਸ ਦੇਸ਼-ਮੋਦੀ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 11 ਸਤੰਬਰ - ਬ੍ਰਿਕਸ ਸਮੂਹ ਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਸਮੂਹ ਨੂੰ ਜੀ-7 ਸਮੂਹ ਦੇ ਬਰਾਬਰ ਲਿਆਉਣ ਦਾ ਹੋਕਾ ਦਿੰਦਿਆਂ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਸੁਝਾਅ ਦਿੰਦਿਆਂ ਆਪਸੀ ਵਪਾਰ ’ਚ ਆਉਣ ਵਾਲੀਆਂ ਰੁਕਾਵਟਾਂ ਦੀ ਘੋਖ ...

ਅਜੀਤ ਡੈਸਕ 12-09-2026
ਮੋਦੀ ਨੇ ਦਿੱਤੇ ਤਿੰਨ ਸੁਝਾਅ
ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ਸਮੂਹ ਦੇਸ਼ਾਂ ਦਰਮਿਆਨ ਵਪਾਰ ਅਤੇ ਸਹਿਯੋਗ ਵਧਾਉਣ ਲਈ 3 ਅਹਿਮ ਸੁਝਾਅ ਦਿੱਤੇ ਜਿਸ ’ਚ ਉਨ੍ਹਾਂ ਕਿਹਾ ਕਿ ਕੀ ਬ੍ਰਿਕਸ ਦੇਸ਼ਾਂ ਦਰਮਿਆਨ ਵਪਾਰ ’ਚ ਰੁਕਾਵਟਾਂ ’ਤੇ ਰਿਪੋਰਟ ਤਿਆਰ ਕੀਤੀ ਜਾ ਸਕਦੀ ਹੈ। ਦੂਜਾ, ਕੀ ਹਰ ਸਾਲ 100 ਬ੍ਰਿਕਸ ਸਟਾਰਟਅਪ ਨੂੰ ਦੂਜੇ ਬ੍ਰਿਕਸ ਦੇਸ਼ਾਂ ਦੇ ਬਾਜ਼ਾਰਾਂ ’ਚ ਵਿਸਥਾਰ ਕਰਨ ’ਚ ਮਦਦ ਮਿਲ ਸਕਦੀ ਹੈ ? ਤੀਜਾ, ਕੀ ਹਰ ਸਾਲ ਕਾਰੋਬਾਰ ਦੇ ਖੇਤਰ ’ਚ 1000 ਨਵੀਆਂ ਭਾਈਵਾਲੀਆਂ ਬਣਾਈਆਂ ਜਾ ਸਕਦੀਆਂ ਹਨ। ਮੋਦੀ ਨੇ ਇਨ੍ਹਾਂ ਤਿੰਨੋਂ ਟੀਚਿਆਂ ’ਤੇ ਹਰ ਸਾਲ ਸਮੀਖਿਆ ਕਰਨ ਨੂੰ ਵੀ ਕਿਹਾ।

ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 11 ਸਤੰਬਰ - ਬ੍ਰਿਕਸ ਸਮੂਹ ਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਸਮੂਹ ਨੂੰ ਜੀ-7 ਸਮੂਹ ਦੇ ਬਰਾਬਰ ਲਿਆਉਣ ਦਾ ਹੋਕਾ ਦਿੰਦਿਆਂ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਸੁਝਾਅ ਦਿੰਦਿਆਂ ਆਪਸੀ ਵਪਾਰ ’ਚ ਆਉਣ ਵਾਲੀਆਂ ਰੁਕਾਵਟਾਂ ਦੀ ਘੋਖ ਕਰਨ, 100 ਸਟਾਰਟਅਪ ਕੰਪਨੀਆਂ ਨੂੰ ਦੂਜੇ ਬ੍ਰਿਕਸ ਦੇਸ਼ਾਂ ’ਚ ਵਿਸਥਾਰ ਕਰਨ ਅਤੇ ਹਰ ਸਾਲ 1000 ਨਵੀਆਂ ਭਾਈਵਾਲੀਆਂ ਬਣਾਉਣ ਨੂੰ ਕਿਹਾ, ਜਦਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜੀ-7 ’ਤੇ ਹੀ ਤਨਜ਼ ਕੱਸਦਿਆਂ ਕਿਹਾ ਕਿ ਪੱਛਮ ਹੁਣ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪਤਾ ਨਹੀਂ ਇਹ ਦੇਸ਼ ਖ਼ੁਦ ਨੂੰ ਜੀ-7 ਕਿਉਂ ਕਹਿੰਦੇ ਹਨ। ਜਦਕਿ ਦੁਨੀਆ ਦੀ 40 ਫ਼ੀਸਦੀ ਤੋਂ ਵੱਧ ਜੀ.ਡੀ.ਪੀ. ਬ੍ਰਿਕਸ ਦੇਸ਼ਾਂ ਤੋਂ ਆਈ ਜਦਕਿ ਜੀ-7 ਦੀ ਹਿੱਸੇਦਾਰੀ ਸਿਰਫ਼ 29 ਫ਼ੀਸਦੀ ਰਹੀ। ਦੋਵੇਂ ਨੇਤਾਵਾਂ ਨੇ ਇਹ ਬਿਆਨ ਸ਼ੁੱਕਰਵਾਰ ਨੂੰ ਬ੍ਰਿਕਸ ਬਿਜ਼ਨੈੱਸ ਫੋਰਮ ਨੂੰ ਸੰਬੋਧਨ ਕਰਦਿਆਂ ਦਿੱਤੇ। ਇਸ ਫੋਰਮ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਵੀ ਸੰਬੋਧਨ ਕਰਦਿਆਂ ਜੰਗ ਕਾਰਨ ਦਰਪੇਸ਼ ਹਾਲਾਤ ਦਾ ਜ਼ਿਕਰ ਕਰਦਿਆਂ ਅਮਰੀਕਾ ਦੀ ਭੂਮਿਕਾ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੀ ਜੰਗ ਵਿਸ਼ਵ ਦੇ ਲਈ ਵੀ ਵੱਡਾ ਖ਼ਤਰਾ ਹੈ। ਮੌਜੂਦਾ ਸਮੇਂ ’ਚ ਬ੍ਰਿਕਸ ਦੀ ਭੂਮਿਕਾ ਬਹੁਤ ਅਹਿਮ ਹੈ। ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨਾਲ ਸਥਿਤੀ ਖ਼ਰਾਬ ਹੋਈ ਹੈ।
ਦੁਨੀਆ ਦੀ ਅੱਧੀ ਆਬਾਦੀ ਬ੍ਰਿਕਸ ’ਚ - ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਬਿਜ਼ਨੈੱਸ ਫੋਰਮ ਨੂੰ ਸੰਬੋਧਨ ਕਰਦਿਆਂ ਸਮੂਹ ਦੇ ਲਗਾਤਾਰ ਵਿਸਥਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ 2006 ’ਚ ਬ੍ਰਿਕਸ ਦੀ ਸ਼ੁਰੂਆਤ ਸਮੇਂ ਇਸ ’ਚ ਸਿਰਫ਼ 4 ਦੇਸ਼ ਸਨ ਪਰ ਅੱਜ ਮੈਂਬਰ ਅਤੇ ਭਾਈਵਾਲ ਦੇਸ਼ਾਂ ਨੂੰ ਮਿਲਾ ਕੇ ਇਹ ਸਮੂਹ 21 ਦੇਸ਼ਾਂ ਦਾ ਪਰਿਵਾਰ ਬਣ ਗਿਆ ਹੈ ਅਤੇ ਦੁਨੀਆ ਦੀ ਅੱਧੀ ਆਬਾਦੀ ਬ੍ਰਿਕਸ ਦੇਸ਼ਾਂ ’ਚ ਰਹਿੰਦੀ ਹੈ, ਜੋ ਦੁਨੀਆ ਦੀ 40 ਫ਼ੀਸਦੀ ਜੀ.ਡੀ.ਪੀ. ਅਤੇ 25 ਫ਼ੀਸਦੀ ਤੋਂ ਵੱਧ ਆਲਮੀ ਵਪਾਰ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਭਾਰਤ ਦੀਆਂ ਵਿਕਾਸ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਬੁਨਿਆਦੀ ਢਾਂਚੇ ਦੇ ਵਿਕਾਸ, ਸੈਮੀਕੰਡਕਟਮ, ਖਣਿਜਾਂ ਅਤੇ ਬਾਇਓ ਤਕਨਾਲੋਜੀ ਜਿਹੇ ਖੇਤਰਾਂ ’ਚ ਵਧ ਰਹੀਆਂ ਨਵੀਆਂ ਸਮਰੱਥਾਵਾਂ ਦਾ ਜ਼ਿਕਰ ਕੀਤਾ। ਨਾਲ ਹੀ ਡਿਜੀਟਲ ਖੇਤਰ ’ਚ ਯੂ.ਪੀ.ਆਈ. ਭੁਗਤਾਨ ਦੇ ਵਧਣ ਦੀ ਵੀ ਤਾਰੀਫ਼ ਕੀਤੀ।
ਸਮੁੰਦਰੀ ਸੁਰੱਖਿਆ ’ਤੇ ਦਿੱਤਾ ਵਿਸ਼ੇਸ਼ ਜ਼ੋਰ
ਮੋਦੀ ਨੇ ਸਮੁੰਦਰੀ ਸੁਰੱਖਿਆ ਨੂੰ ਅਹਿਮ ਦੱਸਦਿਆਂ ਕਿਹਾ ਕਿ ਭਾਰਤ ਹਮੇਸ਼ਾ ਤੋਂ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਮਲਾਹਾਂ ਦੀ ਸੁਰੱਖਿਆ ਦਾ ਸਮਰਥਨ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲਮੀ ਵਪਾਰ ਦੀ ਪ੍ਰਗਤੀ ਲਈ ਸਮੁੰਦਰੀ ਰਾਹਾਂ ਦਾ ਸੁਰੱਖਿਅਤ ਹੋਣਾ, ਸਪਲਾਈ ਮਾਰਗਾਂ ਦਾ ਖੁੱਲ੍ਹੇ ਰਹਿਣਾ ਅਤੇ ਜਹਾਜ਼ਾਂ ’ਤੇ ਕੰਮ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਬਹੁਤ ਅਹਿਮ ਹੈ। ਮੋਦੀ ਦਾ ਇਹ ਬਿਆਨ ਹੋਰਮੁਜ਼ ’ਚ ਭਾਰਤੀ ਮਲਾਹਾਂ ’ਤੇ ਹੋਏ ਹਮਲਿਆਂ ਦੇ ਪਿਛੋਕੜ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਜੀ-7 ਤੋਂ ਅੱਗੇ ਨਿਕਲਿਆ ਬ੍ਰਿਕਸ - ਪੁਤਿਨ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਕੁਝ ਕਮਜ਼ੋਰ ਹੋ ਚੁੱਕੇ ਪੱਛਮੀ ਦੇਸ਼ ਅਜੇ ਵੀ ਖ਼ੁਦ ਨੂੰ ਜੀ-7 ਕਿਉਂ ਕਹਿੰਦੇ ਹਨ। ਪੁਤਿਨ ਨੇ ਬ੍ਰਿਕਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬ੍ਰਿਕਸ ਦੀ ਅਰਥਵਿਵਸਥਾ ਦਾ ਆਕਾਰ ਲਗਾਤਾਰ ਵਧ ਰਿਹਾ ਹੈ ਪਰ ਪੱਛਮੀ ਦੇਸ਼ਾਂ ਦਾ ਦਬਦਬਾ ਪਹਿਲਾ ਜਿਹਾ ਨਹੀਂ ਰਿਹਾ। ਪੁਤਿਨ ਨੇ ਇਹ ਵੀ ਕਿਹਾ ਕਿ ਦੁਨੀਆ ਦੀ ਅਰਥਵਿਵਸਥਾ ਹਮੇਸ਼ਾ ਬਦਲਦੀ ਰਹਿੰਦੀ ਹੈ ਅਤੇ ਹੁਣ ਆਰਥਿਕ ਵਿਕਾਸ ਦੇ ਨਵੇਂ ਕੇਂਦਰ ਸਾਹਮਣੇ ਆ ਰਹੇ ਹਨ।
ਦੁਨੀਆ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ - ਈਰਾਨੀ ਰਾਸ਼ਟਰਪਤੀ, ਮੋਦੀ ਨਾਲ ਕੀਤੀ ਗੱਲਬਾਤ
ਈਰਾਨ ਦੇ ਰਾਸ਼ਟਰਪਤੀ ਨੇ ਅਜੋਕੇ ਆਲਮੀ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੁਨੀਆ ਬਹੁਤ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ। ਦੇਸ਼ਾਂ ’ਚ ਤਣਾਅ ਅਤੇ ਅਨਿਸਚਿਤਤਾ ਵੱਧ ਗਈ ਹੈ। ਸਾਮਾਨ ਦੀ ਸਪਲਾਈ ’ਚ ਦਿੱਕਤਾਂ ਆ ਰਹੀਆਂ ਹਨ ਅਤੇ ਆਰਥਿਕ ਤਾਕਤ ਦਾ ਇਸਤੇਮਾਲ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਕਾਰਨਾਂ ਕਾਰਨ ਦੁਨੀਆ ਦਾ ਕਾਰੋਬਾਰੀ ਅਤੇ ਆਰਥਿਕ ਮਾਹੌਲ ਹੋਰ ਜ਼ਿਆਦਾ ਚੁਣੌਤੀਪੂਰਨ ਹੋ ਗਿਆ। ਅਜਿਹੇ ਸਮੇਂ ’ਚ ਸਵਾਲ ਹੈ ਕਿ ਬ੍ਰਿਕਸ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰੇਗਾ। ਉਨ੍ਹਾਂ ਕਿਹਾ ਕਿ ਬ੍ਰਿਕਸ ਦੀ ਅਸਲੀ ਤਾਕਤ ਸਿਰਫ਼ ਉਸਦੇ ਮੈਂਬਰ ਦੇਸ਼ਾਂ ’ਚ ਨਹੀਂ ਸਗੋਂ ਮਿਲਕੇ ਵਪਾਰ ਵਧਾਉਣ, ਨਿਵੇਸ਼ ਕਰਨ ਅਤੇ ਸਾਂਝਾ ਵਿੱਤੀ ਸਹਿਯੋਗ ਕਰਨ ’ਚ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲਬਾਤ ਦੌਰਾਨ ਪੱਛਮੀ ਏਸ਼ੀਆ ਦੇ ਟਕਰਾਅ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੱਢਣ ’ਤੇ ਜ਼ੋਰ ਦਿੱਤਾ। ਉਨ੍ਹਾਂ ਖੇਤਰ ਵਿਚ ਲੰਮੇ ਸਮੇਂ ਲਈ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਦੇ ਨਾਲ-ਨਾਲ ਸਮੁੰਦਰੀ ਰਸਤਿਆਂ ’ਤੇ ਆਵਾਜਾਈ ਦੀ ਆਜ਼ਾਦੀ, ਵਪਾਰ ਦੀ ਨਿਰਵਿਘਨ ਆਵਾਜਾਈ ਅਤੇ ਸਮੁੰਦਰੀ ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਉਜਾਗਰ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਈਰਾਨ ਸੰਬੰਧਾਂ ਦੇ ਵੱਖ-ਵੱਖ ਪੱਖਾਂ ’ਤੇ ਵੀ ਵਿਚਾਰ ਕੀਤਾ। ਦੋਵੇਂ ਆਗੂਆਂ ਦੀ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਇਹ ਦੂਜੀ ਮੁਲਾਕਾਤ ਹੈ।  ਮੋਦੀ ਅਤੇ ਪੇਜ਼ੇਸ਼ਕੀਅਨ ਦੀ ਇਸ ਤੋਂ ਪਹਿਲਾਂ 31 ਅਗਸਤ ਨੂੰ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ) ਦੇ ਸੰਮੇਲਨ ਤੋਂ ਅਲੱਗ ਮੁਲਾਕਾਤ ਹੋਈ ਸੀ। ਉਸ ਮੌਕੇ ਮੋਦੀ ਨੇ ਕਿਹਾ ਸੀ ਕਿ ਭਾਰਤ ਟਕਰਾਅ ਖ਼ਤਮ ਕਰਨ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਪੇਜ਼ੇਸ਼ਕੀਅਨ ਦਾ ਇਹ ਪਹਿਲਾ ਭਾਰਤ ਦੌਰਾ ਹੈ।
ਮੋਦੀ ਵਲੋਂ ਸੰਯੁਕਤ ਰਾਸ਼ਟਰ ਮੁਖੀ ਗੁਟਰੇਸ ਨਾਲ ਮੁਲਾਕਾਤ
ਨਵੀਂ ਦਿੱਲੀ, (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਚੱਲ ਰਹੇ ਸੰਘਰਸ਼ਾਂ, ਸਮੁੰਦਰੀ ਆਵਾਜਾਈ ਦੀ ਆਜ਼ਾਦੀ, ਟਿਕਾਊ ਵਿਕਾਸ, ਮਨੁੱਖ-ਕੇਂਦਰਿਤ ਏ.ਆਈ., ਨਵਿਆਉਣਯੋਗ ਊਰਜਾ ਵਿਚ ਤਰੱਕੀ ਅਤੇ ਵਿਸ਼ਵ ਖੁਰਾਕ ਸੁਰੱਖਿਆ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ‘ਬਹੁ-ਧਰੁਵੀ ਵਿਸ਼ਵ ਵਿਵਸਥਾ’ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਮੇਤ ਬਹੁਪੱਖੀ ਸੰਸਥਾਵਾਂ ਵਿਚ ਸੁਧਾਰ ਦੀ ਲੋੜ ਵੀ ਉਜਾਗਰ ਕੀਤੀ, ਤਾਂ ਜੋ ਇਹ ਸੰਸਥਾਵਾਂ ਅੱਜ ਦੀਆਂ ਵਿਸ਼ਵ ਹਕੀਕਤਾਂ ਨੂੰ ਦਰਸਾ ਸਕਣ। ਗੁਟੇਰੇਸ ਨੇ ਭਾਰਤ ਵੱਲੋਂ ਚੌਥੀ ਵਾਰ ਬ੍ਰਿਕਸ ਦੀ ਅਗਵਾਈ ਕਰਨ ਲਈ ਮੋਦੀ ਨੂੰ ਵਧਾਈ ਦਿੱਤੀ।

 

 

ਅਗਲੀ ਖ਼ਬਰ ਭਾਰਤ-ਰੂਸ ਵਲੋਂ 2030 ਤੱਕ ਦੁਵੱਲਾ ਵਪਾਰ 100 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।