ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਹੋਵੇਗਾ ਵਿਲੱਖਣ ਡਰੋਨ ਸ਼ੋਅ
ਤਰਨ ਤਾਰਨ, 18 ਸਤੰਬਰ (ਹਰਿੰਦਰ ਸਿੰਘ)–ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਜ਼ਿਲ੍ਹੇ ਵਿਚ ਦੋ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਪਹਿਲਾ ਡਰੋਨ ਸ਼ੋਅ 20 ਸਤੰਬਰ ਦਿਨ ਐਤਵਾਰ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਵਿਖੇ ਅਤੇ ਦੂਜਾ ਸ਼ੋਅ 21 ਸਤੰਬਰ ਦਿਨ ਸੋਮਵਾਰ ਨੂੰ ਸਕੂਲ ਆਫ਼ ਐਮੀਨੈਂਸ ਪੱਟੀ ਵਿਖੇ ਹੋਵੇਗਾ।
ਤਰਨ ਤਾਰਨ, 18 ਸਤੰਬਰ (ਹਰਿੰਦਰ ਸਿੰਘ)–ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਜ਼ਿਲ੍ਹੇ ਵਿਚ ਦੋ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਪਹਿਲਾ ਡਰੋਨ ਸ਼ੋਅ 20 ਸਤੰਬਰ ਦਿਨ ਐਤਵਾਰ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਵਿਖੇ ਅਤੇ ਦੂਜਾ ਸ਼ੋਅ 21 ਸਤੰਬਰ ਦਿਨ ਸੋਮਵਾਰ ਨੂੰ ਸਕੂਲ ਆਫ਼ ਐਮੀਨੈਂਸ ਪੱਟੀ ਵਿਖੇ ਹੋਵੇਗਾ। ਐਤਵਾਰ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਹੋਣ ਵਾਲੇ ਡਰੋਨ ਸ਼ੋਅ ਦੀਆਂ ਤਿਆਰੀਆਂ ਨੂੰ ਲੈ ਕੇ ਨੋਡਲ ਅਫ਼ਸਰ ਕਮ-ਐੱਸ. ਡੀ. ਐੱਮ ਤਰਨ ਤਾਰਨ ਡਾ. ਕਰਨਵੀਰ ਸਿੰਘ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਰੇ ਲੋੜੀਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਡਾ. ਕਰਨਵੀਰ ਸਿੰਘ ਨੇ ਦੱਸਿਆ ਕਿ ਸ਼ਾਮ ਸਾਢੇ 6 ਵਜੇ ਤੋਂ ਸਮਾਗਮ ਸ਼ੁਰੂ ਹੋਵੇਗਾ, ਜਿਸ ਵਿਚ ਗੁਰਬਾਣੀ ਕੀਰਤਨ ਤੋਂ ਬਾਅਦ 8 ਵਜੇ ਡਰੋਨ ਸ਼ੋਅ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਡਰੋਨ ਸ਼ੋਅ ਤਰਨ ਤਾਰਨ ਦੇ ਅਸਮਾਨ ‘ਤੇ ਇਕ ਵਿਲੱਖਣ ਅਤੇ ਅਦਭੁੱਤ ਨਜ਼ਾਰਾ ਪੇਸ਼ ਕਰੇਗਾ। ਇਸ ਦੌਰਾਨ ਇਕੋ ਸਮੇਂ 500 ਡਰੋਨ ਅਸਮਾਨ ਵਿਚ ਉੱਡਦੇ ਹੋਏ ਡਿਜੀਟਲ ਢੰਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ ਅਤੇ ਸਿੱਖਿਆਵਾਂ ਦੀ ਬਾਕਮਾਲ ਪੇਸ਼ਕਾਰੀ ਕਰਨਗੇ। ਐੱਸ. ਡੀ. ਐੱਮ ਨੇ ਦੱਸਿਆ ਕਿ ਸਮਾਗਮ ਵਾਲੇ ਸਥਾਨ ‘ਤੇ ਸੰਗਤ ਦੇ ਬੈਠਣ ਅਤੇ ਚਾਹ-ਪਾਣੀ ਦੇ ਢੁੱਕਵੇਂ ਇੰਤਜ਼ਾਮ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਾਰਕਿੰਗ, ਬੈਰੀਕੇਡਿੰਗ, ਸੁਖਾਲ਼ੀ ਐਂਟਰੀ, ਨਿਰਵਿਘਨ ਬਿਜਲੀ ਸਪਲਾਈ, ਮੈਡੀਕਲ ਸਹੂਲਤ, ਫਾਇਰ ਟੈਂਡਰ ਤੇ ਸੁਰੱਖਿਆ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਤਰਨ ਤਾਰਨ ਵਾਸੀਆਂ ਨੂੰ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਆਪਣੇ ਪਰਿਵਾਰਾਂ ਸਮੇਤ ਹੁੰਮ-ਹੁੰਮਾਂ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਨਾਇਬ ਤਹਿਸੀਲਦਾਰ ਰਤਨਜੀਤ ਖੁੱਲਰ, ਐਸ.ਐਚ.ਓ ਸਿਟੀ ਪਰਮਜੀਤ ਸਿੰਘ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਤਵੰਤ ਸਿੰਘ ਬੈਂਸ, ਡਰੋਨ ਕੰਪਨੀ ਦੇ ਨੁਮਾਇੰਦੇ ਗਿਆਨਜੋਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।