ਭਾਜਪਾ ਨਾਲ ਗੱਠਜੋੜ ਦੇ ਵੱਡੇ ਦਾਅਵਿਆਂ ਬਾਅਦ ਅਕਾਲੀ ਦਲ ਦੀ ਸਥਿਤੀ ਬਣੀ ਭੰਬਲਭੂਸੇ ਵਾਲੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੇ ਦਿਨੀਂ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਰਮਿਆਨ ਅਕਾਲੀ ਦਲ ਵਲੋਂ ਚੋਣ ਗੱਠਜੋੜ ਸੰਬੰਧੀ ਜੋ ਵੱਡੇ ਦਾਅਵੇ ਕੀਤੇ ਗਏ ਸਨ, ਉਨ੍ਹਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਅਕਾਲੀ ਦਲ ਦੇ ਇਨ੍ਹਾਂ ਦਾਅਵਿਆਂ ਨਾਲ ਜਿਥੇ ਉਸ ਦੇ ਕਾਡਰਾਂ ਨੂੰ ਹੌਸਲਾ ਤੇ ਉਤਸ਼ਾਹ ਮਿਲਿਆ ਸੀ, ਉਥੇ ਭਾਜਪਾ ਆਗੂਆਂ ਅਨੁਸਾਰ ਉਨ੍ਹਾਂ ਦੇ ਕਾਡਰਾਂ ਵਿਚ ਨਿਰਾਸ਼ਾ ਮਹਿਸੂਸ ਕੀਤੀ ਗਈ।
ਚੰਡੀਗੜ੍ਹ, 27 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੇ ਦਿਨੀਂ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਰਮਿਆਨ ਅਕਾਲੀ ਦਲ ਵਲੋਂ ਚੋਣ ਗੱਠਜੋੜ ਸੰਬੰਧੀ ਜੋ ਵੱਡੇ ਦਾਅਵੇ ਕੀਤੇ ਗਏ ਸਨ, ਉਨ੍ਹਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਅਕਾਲੀ ਦਲ ਦੇ ਇਨ੍ਹਾਂ ਦਾਅਵਿਆਂ ਨਾਲ ਜਿਥੇ ਉਸ ਦੇ ਕਾਡਰਾਂ ਨੂੰ ਹੌਸਲਾ ਤੇ ਉਤਸ਼ਾਹ ਮਿਲਿਆ ਸੀ, ਉਥੇ ਭਾਜਪਾ ਆਗੂਆਂ ਅਨੁਸਾਰ ਉਨ੍ਹਾਂ ਦੇ ਕਾਡਰਾਂ ਵਿਚ ਨਿਰਾਸ਼ਾ ਮਹਿਸੂਸ ਕੀਤੀ ਗਈ। ਭਾਜਪਾ ਦੇ ਇਕ ਸੀਨੀਅਰ ਆਗੂ ਨੇ ‘ਅਜੀਤ’ ਨੂੰ ਦੱਸਿਆ ਕਿ ਭਾਜਪਾ ਵਲੋਂ ਸਾਰੇ 117 ਹਲਕਿਆਂ ’ਚੋਂ ਸੰਭਾਵਿਤ ਉਮੀਦਵਾਰਾਂ ਨੂੰ ਸਰਗਰਮ ਕੀਤਾ ਹੋਇਆ ਹੈ, ਜੋ ਮਗਰਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਖੇਤਰਾਂ ’ਚ ਕੰਮ ਕਰ ਰਹੇ ਹਨ ਪਰ ਜੇਕਰ ਭਾਜਪਾ 40-50 ਸੀਟਾਂ ਅਕਾਲੀ ਦਲ ਬਾਦਲ ਨੂੰ ਛੱਡਦੀ ਹੈ ਤਾਂ ਇਨ੍ਹਾਂ ਹਲਕਿਆਂ ਵਿਚ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਆਗੂਆਂ ਵਿਚ ਰੋਸ ਜ਼ਰੂਰ ਆਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਨਿਸ਼ਾਨਾ ਇਸ ਮੌਕੇ ਹਰੇਕ ਹਲਕੇ ਵਿਚ ਪਾਰਟੀ ਦੇ ਕਾਡਰਾਂ ਤੇ ਯੂਨਿਟਾਂ ਨੂੰ ਮਜ਼ਬੂਤ ਕਰਨਾ ਹੈ। ਇਸੇ ਲਈ ਪਾਰਟੀ ਪੋਲਿੰਗ ਬੂਥ ਪੱਧਰ ’ਤੇ ਕਮੇਟੀਆਂ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ ਅਤੇ ਬਹੁਤੇ ਖੇਤਰਾਂ ਵਿਚ ਇਹ ਕੰਮ ਪੂਰਾ ਕਰ ਵੀ ਲਿਆ ਗਿਆ ਹੈ। ਭਾਜਪਾ ਜਿਸ ਨੂੰ ਕਿ ਸੰਸਦੀ ਚੋਣਾਂ ਦੌਰਾਨ ਅਕਾਲੀ ਦਲ (ਬ) ਨਾਲੋਂ 6 ਫ਼ੀਸਦੀ ਵੱਧ ਵੋਟ ਪਈ ਸੀ ਅਤੇ ਉਸ ਮੌਕੇ ਭਾਜਪਾ 23 ਵਿਧਾਨ ਸਭਾ ਹਲਕਿਆਂ ਵਿਚ ਦੂਜੀਆਂ ਪਾਰਟੀਆਂ ਤੋਂ ਅੱਗੇ ਵੀ ਰਹੀ ਸੀ, ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਭਾਜਪਾ ਅਕਾਲੀ ਦਲ (ਬ) ਨਾਲੋਂ ਵੱਡੀ ਸਿਆਸੀ ਧਿਰ ਬਣ ਚੁੱਕੀ ਹੈ। ਇਸ ਲਈ ਬਦਲੇ ਹਲਾਤਾਂ ਵਿਚ ਹੁਣ ਅਕਾਲੀ ਦਲ ਨੂੰ ਭਾਜਪਾ ਦੀ ਅਗਵਾਈ ਪ੍ਰਵਾਨ ਕਰਨੀ ਚਾਹੀਦੀ ਹੈ ਅਤੇ ਪਾਰਟੀ ਅੰਦਰੋਂ 68 ਸੀਟਾਂ ’ਤੇ ਭਾਜਪਾ ਦੇ ਦਾਅਵਿਆਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਅਕਾਲੀ ਦਲ ਕੀ ਅਜਿਹੀਆਂ ਸ਼ਰਤਾਂ ਨੂੰ ਪ੍ਰਵਾਨ ਕਰ ਸਕੇਗਾ, ਇਹ ਵੇਖਣ ਵਾਲੀ ਗੱਲ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਜਥੇਬੰਦਕ ਬੀ.ਐਲ. ਸੰਤੋਸ਼, ਜੋ ਬੀਤੇ ਦੋ ਦਿਨਾਂ ’ਚ ਪੰਜਾਬ ਦੇ ਦੌਰੇ ’ਤੇ ਸਨ, ਵਲੋਂ 2 ਦਿਨਾਂ ਦੌਰਾਨ ਚਾਰ ਵਾਰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਭਾਜਪਾ ਪੰਜਾਬ ਵਿਚ ਸਾਰੀਆਂ 117 ਸੀਟਾਂ ’ਤੇ ਇਕੱਲੀ ਹੀ ਚੋਣ ਲੜੇਗੀ। ਸੰਤੋਸ਼ ਭਾਜਪਾ ਦੇ ਕੌਮੀ ਪ੍ਰਧਾਨ ਤੋਂ ਬਾਅਦ ਦੂਜੇ ਸਭ ਤੋਂ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਦੇ ਬਿਆਨ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ । ਦਿਲਚਸਪ ਗੱਲ ਇਹ ਹੈ ਕਿ ਅਕਾਲੀ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ 10-12 ਮਿੰਟਾਂ ਦੀ ਮੀਟਿੰਗ ਬਾਅਦ ਗੱਠਜੋੜ ਸੰਬੰਧੀ ਜਿਵੇਂ ਦਾਅਵੇ ਕੀਤੇ ਗਏ, ਉਨ੍ਹਾਂ ਦੀ ਭਾਜਪਾ ਵਲੋਂ ਕਿਸੇ ਪੱਧਰ ’ਤੇ ਵੀ ਪੁਸ਼ਟੀ ਨਹੀਂ ਹੋਈ। ਭਾਜਪਾ ਵਲੋਂ ਗੱਠਜੋੜ ਲਈ ਅਕਾਲੀ ਦਲ ਦੀਆਂ ਇਕਤਰਫਾ ਕੋਸ਼ਿਸ਼ਾਂ ਨੂੰ ਕੋਈ ਹੁੰਗਾਰਾ ਨਾ ਮਿਲਣ ਕਾਰਨ ਅਕਾਲੀ ਆਗੂਆਂ ਵਿਚ ਜੋ ਨਵਾਂ ਜੋਸ਼ ਵੇਖਿਆ ਗਿਆ ਸੀ, ਉਹ ਦੁਬਾਰਾ ਠੰਢਾ ਪੈ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਮਗਰਲੇ ਮਹੀਨਿਆਂ ਦੌਰਾਨ ਅਕਾਲੀ ਦਲ ਬਾਦਲ ਵਲੋਂ ਪੰਥਕ ਏਜੰਡੇ ਵੱਲ ਮੁੜਨ ਦੀ ਜੋ ਕੋਸ਼ਿਸ਼ ਹੋ ਰਹੀ ਸੀ, ਭਾਜਪਾ ਨਾਲ ਗੱਠਜੋੜ ਦੀ ਆਸ ਕਾਰਨ ਉਸ ਨੂੰ ਫਿਰ ਤਿਲਾਂਜਲੀ ਦੇ ਦਿੱਤੀ ਗਈ ਹੈ। ਸਮਝਿਆ ਜਾਂਦਾ ਹੈ ਕਿ ਨਵੀਂ ਹਲਕਾਬੰਦੀ ਰਾਹੀ ਦੇਸ਼ ਵਿਚ ਸੰਸਦ ਤੇ ਵਿਧਾਨ ਸਭਾਵਾਂ ਦੇ ਹਲਕੇ ਵਧਾਉਣ ਦੀ ਭਾਜਪਾ ਦੀ ਕੋਸ਼ਿਸ਼ ਨਾਲ ਕੇਵਲ ਹਿੰਦੀ ਪੱਟੀ ਦੇ ਰਾਜਾਂ ਨੂੰ ਹੀ ਫ਼ਾਇਦਾ ਹੋਵੇਗਾ ਅਤੇ ਪੰਜਾਬ ਵਰਗੇ ਰਾਜ ਨੂੰ ਵੱਡਾ ਨੁਕਸਾਨ ਹੈ, ਕਿਉਂਕਿ ਉਸ ਦੀ ਸੰਸਦ ਵਿਚ ਨੁਮਾਇੰਦਗੀ ਦੀ ਵਾਧਾ ਦਰ ਦੂਜੇ ਰਾਜਾਂ ਨਾਲੋਂ ਕਾਫ਼ੀ ਪਛੜ ਜਾਵੇਗੀ ਪਰ ਦਲ ਵਲੋਂ ਇਸਤਰੀ ਰਾਖਵੇਂਕਰਨ ਦੇ ਨਾਂਅ ’ਤੇ ਪੇਸ਼ ਕੀਤੇ ਜਾਣ ਵਾਲੇ ਨਵੇਂ ਹੱਦਬੰਦੀ ਬਿੱਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ‘ਵੰਦੇ ਮਾਤਰਮ’ ਗਾਉਣ ਦੇ ਮੁੱਦੇ ’ਤੇ ਅਤੇ ਹੁਣ ਬਾਬਾ ਰਾਮ ਰਹੀਮ ਨੂੰ ਮਿਲੀ 17ਵੀਂ ਪੈਰੋਲ ’ਤੇ ਵੀ ਅਕਾਲ ਦਲ (ਬ) ਦੇ ਆਗੂ ਖਾਮੋਸ਼ ਹਨ। ਪੰਜਾਬ ਨਾਲ ਹੋ ਰਹੇ ਧੱਕਿਆਂ, ਚੰਡੀਗੜ੍ਹ, ਦਰਿਆਈ ਪਾਣੀਆਂ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਤੇ ਬੰਦੀ ਸਿੰਘਾਂ ਦੇ ਮੁੱਦਿਆਂ ’ਤੇ ਵੀ ਪਾਰਟੀ ਵਲੋਂ ਕੋਈ ਸਟੈਂਡ ਨਹੀਂ ਲਿਆ ਜਾ ਰਿਹਾ। ਸ਼੍ਰੋਮਣੀ ਅਕਾਲ ਦਲ (ਬ) ਲਈ ਦੂਜੇ ਅਕਾਲੀ ਧੜਿਆਂ ਤੋਂ ਵੱਧ ਵੋਟ ਫ਼ੀਸਦੀ ਲੈਣਾ ਵੀ ਚੁਣੌਤੀ ਹੋਵੇਗੀ, ਕਿਉਂਕਿ ਆਉਂਦੀਆਂ ਚੋਣਾਂ ਇਹ ਵੀ ਤੈਅ ਕਰਨਗੀਆਂ ਕਿ ਵੱਧ ਵੋਟਾਂ ਪ੍ਰਾਪਤ ਕਰਕੇ ਆਪਣੀ ਸਰਦਾਰੀ ਕਿਹੜਾ ਅਕਾਲੀ ਧੜਾ ਸਾਬਿਤ ਕਰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਆਪਣੀ ਮੁਹਿੰਮ ਦੀ ਪਹਿਲੀ ਰੈਲੀ ਵਿਚ ਹੀ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਤੇ ਜ਼ੋਰਦਾਰ ਹਮਲੇ ਕੀਤੇ ਗਏ ਸਨ। ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਅਕਾਲੀ ਦਲ (ਬ) ਭਾਜਪਾ ਨਾਲ ਗੱਠਜੋੜ ਮੁੱਦੇ ’ਤੇ ਹੁਣ ਕੀ ਫੈਸਲਾ ਲਵੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ।