ਬੇਮੌਸਮੇ ਮੀਂਹ ਨੇ ਝੋਨੇ ਦੀ ਖੜ੍ਹੀ ਫ਼ਸਲ, ਹਰਾ ਚਾਰਾ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਕੀਤਾ
ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 50 ਹਜ਼ਾਰ ਮੁਆਵਜ਼ਾ ਦੇਵੇ-ਰਾਹੀ
ਭਦੌੜ, 25 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਸਮੇਤ ਲਾਗਲੇ ਖੇਤਰ ਅੰਦਰ ਕੱਲ੍ਹ ਸ਼ਾਮ ਨੂੰ ਪਏ ਬੇਮੌਸਮੀ ਮੀਂਹ ਨਾਲ ਹੋਈ ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਖੜ੍ਹੀ ਝੋਨੇ ਦੀ ਫ਼ਸਲ, ਸਬਜ਼ੀਆਂ ਅਤੇ ਹਰੇ ਚਾਰੇ ਭਾਰੀ ਨੁਕਸਾਨ ਕੀਤਾ ਹੈ। ਉੱਥੇ ਨੀਵੀਆਂ ਮੰਡੀਆਂ ਵਿਚ ਬੋਰੀਆਂ ਵਿਚ ਅਤੇ ਖੁੱਲ੍ਹੇ ਆਸਮਾਨ ਹੇਠ ਪਈ ਫ਼ਸਲ ਵੀ ਪ੍ਰਭਾਵਿਤ ਹੋਈ ਹੈ।
ਭਦੌੜ, 25 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਸਮੇਤ ਲਾਗਲੇ ਖੇਤਰ ਅੰਦਰ ਕੱਲ੍ਹ ਸ਼ਾਮ ਨੂੰ ਪਏ ਬੇਮੌਸਮੀ ਮੀਂਹ ਨਾਲ ਹੋਈ ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਖੜ੍ਹੀ ਝੋਨੇ ਦੀ ਫ਼ਸਲ, ਸਬਜ਼ੀਆਂ ਅਤੇ ਹਰੇ ਚਾਰੇ ਭਾਰੀ ਨੁਕਸਾਨ ਕੀਤਾ ਹੈ। ਉੱਥੇ ਨੀਵੀਆਂ ਮੰਡੀਆਂ ਵਿਚ ਬੋਰੀਆਂ ਵਿਚ ਅਤੇ ਖੁੱਲ੍ਹੇ ਆਸਮਾਨ ਹੇਠ ਪਈ ਫ਼ਸਲ ਵੀ ਪ੍ਰਭਾਵਿਤ ਹੋਈ ਹੈ। ਇੱਥੋਂ ਦੀ ਪੱਤੀ ਦੀਪ ਸਿੰਘ ਦੇ ਕਿਸਾਨ ਆਗੂ ਕਾਲਾ ਸਿੰਘ ਜੈਦ, ਸੀਰਾ ਸਿੰਘ ਜੈਦ, ਗੁਰਦੀਪ ਸਿੰਘ ਕਾਕਾ, ਦੀਪੀ ਸਿੰਘ, ਮੋਦਨ ਸਿੰਘ, ਹਰਮਨ ਸਿੰਘ ਜੈਦ ਅਤੇ ਸਿਕੰਦਰ ਸਿੰਘ ਰਾਈ ਨੇ ਦੱਸਿਆ ਕਿ ਪੁੱਤਾਂ ਵਾਂਗ ਪਾਲੀ ਫ਼ਸਲ ਤੇ ਝੱਖੜ ਅਤੇ ਗੜਿਆਂ ਨੇ ਭਾਰੀ ਨੁਕਸਾਨ ਕਰ ਦਿੱਤਾ। ਗੜਿਆਂ ਨਾਲ ਜੀਰੀ ਦੇ ਪੱਕੇ ਹੋਏ ਦਾਣੇ ਬੇਰਾਂ ਵਾਂਗ ਪਲਾਂ ’ਚ ਹੀ ਧਰਤੀ ’ਤੇ ਵਿਛ ਗਏ। ਇਸੇ ਤਰ੍ਹਾਂ ਸੁਖਦੇਵ ਸਿੰਘ ਭੁੱਟੋ ਦੀ ਇਕ ਏਕੜ ਗੋਭੀ ਵੀ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ 20 ਹਜ਼ਾਰ ਦਾ ਨੁਕਸਾਨ ਹੋਇਆ ਹੈ। ਕਿਸਾਨ ਪਹਿਲਾ ਹੀ ਮੰਦਹਾਲੀ ਦੇ ਦੌਰ ’ਚੋਂ ਗੁਜਰ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਘੱਟੋ ਘੱਟ 50 ਹਜ਼ਾਰ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।