ਧੀ ਦੇ ਜਨਮ ਲੈਣ ਦੀ ਖ਼ੁਸ਼ੀ ਵਿਚ ਨਿੰਮ ਬੰਨ੍ਹ ਕੇ ਦਿੱਤਾ ਸਮਾਜ ਨੂੰ ਧੀਆਂ ਦੇ ਸਨਮਾਨ ਦਾ ਸੁਨੇਹਾ
ਤਪਾ ਮੰਡੀ, 14 ਨਵੰਬਰ (ਵਿਜੇ ਸ਼ਰਮਾ)-ਸਥਾਨਕ ਬਾਬਾ ਮੱਠ ਨੇੜੇ ਜੰਡ ਵਾਲੀ ਗਲੀ ਵਿਚ ਧਨੋਆ ਪਰਿਵਾਰ ਦੇ ਘਰ ਵਿਚ ਧੀ ਦੇ ਜਨਮ ਲੈਣ ਦੀ ਖ਼ੁਸ਼ੀ ਨੂੰ ਵਿਲੱਖਣ ਅਤੇ ਸ਼ਾਨਦਾਰ ਢੰਗ ਨਾਲ ਮਨਾਉਂਦਿਆਂ ਘਰ ਦੇ ਬਾਹਰ ਨਿੰਮ ਬੰਨ੍ਹ ਕੇ ਸਮਾਜ ਨੂੰ ਇਕ ਬਹੁਤ ਹੀ ਸੁੰਦਰ ਸੰਦੇਸ਼ ਦਿੱਤਾ ਗਿਆ। ਕਿਉਂਕਿ ਅੱਜ ਦੇ ਸਮੇਂ ਵਿਚ ਜਿੱਥੇ ਧੀਆਂ ਹਰ ਖੇਤਰ ਵਿਚ ਪੁੱਤਰਾਂ ਦੇ ਬਰਾਬਰ ਹੀ ਨਹੀਂ, ਸਗੋਂ ਕਈ ਖੇਤਰਾਂ ਵਿਚ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ, ਉੱਥੇ ਇਸ ਪਰਿਵਾਰ ਦੀ ਪਹਿਲ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ।
ਤਪਾ ਮੰਡੀ, 14 ਨਵੰਬਰ (ਵਿਜੇ ਸ਼ਰਮਾ)-ਸਥਾਨਕ ਬਾਬਾ ਮੱਠ ਨੇੜੇ ਜੰਡ ਵਾਲੀ ਗਲੀ ਵਿਚ ਧਨੋਆ ਪਰਿਵਾਰ ਦੇ ਘਰ ਵਿਚ ਧੀ ਦੇ ਜਨਮ ਲੈਣ ਦੀ ਖ਼ੁਸ਼ੀ ਨੂੰ ਵਿਲੱਖਣ ਅਤੇ ਸ਼ਾਨਦਾਰ ਢੰਗ ਨਾਲ ਮਨਾਉਂਦਿਆਂ ਘਰ ਦੇ ਬਾਹਰ ਨਿੰਮ ਬੰਨ੍ਹ ਕੇ ਸਮਾਜ ਨੂੰ ਇਕ ਬਹੁਤ ਹੀ ਸੁੰਦਰ ਸੰਦੇਸ਼ ਦਿੱਤਾ ਗਿਆ। ਕਿਉਂਕਿ ਅੱਜ ਦੇ ਸਮੇਂ ਵਿਚ ਜਿੱਥੇ ਧੀਆਂ ਹਰ ਖੇਤਰ ਵਿਚ ਪੁੱਤਰਾਂ ਦੇ ਬਰਾਬਰ ਹੀ ਨਹੀਂ, ਸਗੋਂ ਕਈ ਖੇਤਰਾਂ ਵਿਚ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ, ਉੱਥੇ ਇਸ ਪਰਿਵਾਰ ਦੀ ਪਹਿਲ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਪਰਿਵਾਰ ਦੇ ਮੁਖੀ ਜਗਜੀਤ ਸਿੰਘ ਧਨੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪੁੱਤਰ ਕਈ ਸਾਲ ਤੋਂ ਕੈਨੇਡਾ ਦੇ ਸਰੀ ਵਿਚ ਰਹਿ ਰਿਹਾ ਹੈ। ਬੀਤੀ ਰਾਤ ਧੀ ਨੇ ਜਨਮ ਲਿਆ ਜਿਸ ਦੀ ਪੂਰੇ ਪਰਿਵਾਰ ਨੇ ਖ਼ੁਸ਼ੀ ਮਨਾਈ ਅਤੇ ਘਰ ਦੇ ਬਾਹਰ ਨਿੰਮ ਬੰਨਿ੍ਹਆ ਗਿਆ ਅਤੇ ਵਧਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਵਿਚ 57 ਸਾਲ ਬਾਅਦ ਧੀ ਪੈਦਾ ਹੋਈ ਹੈ ਜਿਸ ਦੀ ਸਾਨੂੰ ਵਿਲੱਖਣ ਖ਼ੁਸ਼ੀ ਹੋਈ ਹੈ। ਉਨ੍ਹਾਂ ਘਰ ਵਿਚ ਧੀ ਦੇ ਜਨਮ ਲੈਣ ’ਤੇ ਦੱਸਦਿਆਂ ਕਿਹਾ ਕਿ ਧੀ ਕਿਸੇ ਵੀ ਪਰਿਵਾਰ ਲਈ ਬੋਝ ਨਹੀਂ, ਸਗੋਂ ਰੱਬ ਵਲੋਂ ਦਿੱਤਾ ਅਨਮੋਲ ਤੋਹਫ਼ਾ ਹੈ। ਧੀਆਂ ਮਾਪਿਆਂ ਦਾ ਮਾਣ ਹੁੰਦੀਆਂ ਹਨ ਅਤੇ ਆਪਣੇ ਪਿਆਰ, ਸੰਸਕਾਰਾਂ ਤੇ ਮਿਹਨਤ ਨਾਲ ਦੋ ਪਰਿਵਾਰਾਂ ਦਾ ਨਾਮ ਰੌਸ਼ਨ ਕਰਦੀਆਂ ਹਨ। ਘਰ ਦੇ ਬਾਹਰ ਨਿੰਮ ਬੰਨ੍ਹ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਨਾ ਸਿਰਫ਼ ਇਕ ਰਸਮ ਨਹੀਂ, ਬਲਕਿ ਪੁਰਾਣੀਆਂ ਸਮਾਜਿਕ ਧਾਰਨਾਵਾਂ ਨੂੰ ਬਦਲਣ ਵੱਲ ਇਕ ਸਕਾਰਾਤਮਿਕ ਕਦਮ ਹੈ। ਅਜਿਹੀਆਂ ਪਹਿਲਕਦਮੀਆਂ ਨਾਲ ਸਮਾਜ ਵਿਚ ਧੀਆਂ ਪ੍ਰਤੀ ਸਤਿਕਾਰ ਅਤੇ ਬਰਾਬਰਤਾ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਲੋੜ ਹੈ ਕਿ ਹਰ ਪਰਿਵਾਰ ਧੀ ਦੇ ਜਨਮ ਨੂੰ ਵੀ ਪੁੱਤਰ ਦੇ ਜਨਮ ਵਾਂਗ ਹੀ ਖ਼ੁਸ਼ੀ ਨਾਲ ਮਨਾਵੇ ਅਤੇ ਧੀਆਂ ਨੂੰ ਪੜ੍ਹਾਈ, ਖੇਡਾਂ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਅੱਗੇ ਵਧਣ ਦੇ ਬਰਾਬਰ ਮੌਕੇ ਦੇਵੇ। ਇਸ ਮੌਕੇ ਆਂਢ ਗੁਆਂਢ ਅਤੇ ਧਨੋਆ ਪਰਿਵਾਰ ਦੇ ਮੈਂਬਰ ਹਾਜ਼ਰ ਸਨ।