ਮੁੰਬਈ, 16 ਜੂਨ (ਅਜੀਤ ਬਿਊਰੋ)-ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਪੀਲ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ 'ਤੇ ਮਨਾਉਣ ਦੇ ਕੀਤੇ ਗਏ ਐਲਾਨ ਨਾਲ ਜਿੱਥੇ ਮਹਾਰਾਸ਼ਟਰ ਦਾ ਸਿੱਖ ਭਾਈਚਾਰਾ ਉਤਸ਼ਾਹ ਦੀ ਸਥਿਤੀ 'ਚ ਹੈ, ਉੱਥੇ ਹੀ ਕੇਂਦਰੀ ਰੇਲਵੇ ਮੰਤਰਾਲੇ ਨੇ ਮੁੰਬਈ ਤੋਂ ਹਜ਼ੂਰ ਸਾਹਿਬ ਨਾਂਦੇੜ ਤੱਕ ਵੰਦੇ ਭਾਰਤ ਐਕਸਪ੍ਰੈੱਸ ਚਲਾਉਣ ਦੀ ਇਜਾਜ਼ਤ ਦੇ ਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ | ਵੰਦੇ ਭਾਰਤ ਰੇਲਗੱਡੀ ਨੰਬਰ 20705 ਨਾਂਦੇੜ ਤੋਂ ਸਵੇਰੇ 5 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 2.25 ਵਜੇ ਮੁੰਬਈ ਪਹੁੰਚੇਗੀ, ਜਦੋਂ ਕਿ ਰੇਲਗੱਡੀ ਨੰਬਰ 20706 ਮੁੰਬਈ ਤੋਂ ਦੁਪਹਿਰ 1.10 ਵਜੇ ਰਵਾਨਾ ਹੋਵੇਗੀ ਤੇ ਰਾਤ 10.50 ਵਜੇ ਨਾਂਦੇੜ ਪਹੁੰਚੇਗੀ | ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਮਹਾਰਾਸ਼ਟਰ ਤੇ ਪੂਰੇ ਭਾਰਤ ਦੇ ਸਿੱਖ ਭਾਈਚਾਰੇ ਲਈ ਬਹੁਤ ਮਾਣ ਤੇ ਖ਼ੁਸ਼ੀ ਦਾ ਪਲ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਇਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ | ਸਾਡੇ ਵਿਸ਼ਵਾਸ, ਇਤਿਹਾਸ ਤੇ ਯੋਗਦਾਨ ਨੂੰ ਉੱਚ ਪੱਧਰ 'ਤੇ ਮਾਨਤਾ ਦਿੱਤੀ ਜਾ ਰਹੀ ਹੈ | ਫੜਨਵੀਸ ਸਰਕਾਰ ਦੀ ਇਹ ਵਚਨਬੱਧਤਾ ਰਾਜ ਭਰ 'ਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਉੱਚਾ ਚੁੱਕੇਗੀ | ਉਨ੍ਹਾਂ ਕਿਹਾ ਕਿ ਇਸ ਹਾਈ-ਸਪੀਡ, ਸੈਮੀ-ਬੁਲੇਟ ਟ੍ਰੇਨ ਵੰਦੇ ਭਾਰਤ ਐਕਸਪ੍ਰੈੱਸ ਸੇਵਾ ਦੀ ਸ਼ੁਰੂਆਤ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਲਈ ਆਰਾਮ ਤੇ ਸੰਪਰਕ ਵਧਾਉਣ ਲਈ ਇਕ ਜੀਵਨ ਰੇਖਾ ਹੋਵੇਗੀ | ਜ਼ਿਕਰਯੋਗ ਹੈ ਕਿ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਾਲੇ ਇਕ ਵਫ਼ਦ ਨੇ 29 ਸਤੰਬਰ, 2024 ਨੂੰ ਹੋਏ ਗੁਰਮਤਿ ਸਮਾਗਮ ਦੌਰਾਨ ਫੜਨਵੀਸ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ 'ਚ ਉਨ੍ਹਾਂ ਨੂੰ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਮੁੰਬਈ, ਨਵੀਂ ਮੁੰਬਈ, ਔਰੰਗਾਬਾਦ ਤੇ ਨਾਗਪੁਰ ਨੂੰ ਨਾਂਦੇੜ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਸੇਵਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ | ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ, 11 ਅਕਤੂਬਰ, 2024 ਨੂੰ ਫੜਨਵੀਸ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਇਹ ਮਾਮਲਾ ਉਠਾਇਆ ਤੇ ਕਿਹਾ ਕਿ ਨਵੀਂ ਮੁੰਬਈ ਦਾ ਵਿਕਾਸ ਪਨਵੇਲ ਤੱਕ ਫੈਲ ਗਿਆ ਹੈ, ਜਿੱਥੇ ਸਿੱਖ ਭਾਈਚਾਰੇ ਦੀ ਵੱਡੀ ਆਬਾਦੀ ਹੈ | ਨਵੀਂ ਮੁੰਬਈ ਤੇ ਪਨਵੇਲ 'ਚ ਵਧਦੀ ਸਿੱਖ ਆਬਾਦੀ ਨੂੰ ਧਿਆਨ 'ਚ ਰੱਖਦੇ ਹੋਏ, ਉਨ੍ਹਾਂ ਔਰੰਗਾਬਾਦ, ਨਾਗਪੁਰ, ਨਾਂਦੇੜ ਤੇ ਉੱਤਰੀ ਭਾਰਤ ਨਾਲ ਰੇਲ ਸੰਪਰਕ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤੇ ਸੁਪਰ-ਫਾਸਟ ਵੰਦੇ ਭਾਰਤ ਰੇਲ ਚਲਾਉਣ ਦੀ ਮੰਗ ਕੀਤੀ | ਇਸ ਦੌਰਾਨ ਨਵੀਂ ਮੁੰਬਈ ਦੇ ਗੁਰਦੁਆਰਿਆਂ ਦੀ ਸੁਪਰੀਮ ਕੌਂਸਲ ਦੇ ਚੇਅਰਮੈਨ ਤੇ 11 ਮੈਂਬਰੀ ਸਿੱਖ ਤਾਲਮੇਲ ਕਮੇਟੀ ਦੇ ਮੁਖੀ ਜਸਪਾਲ ਸਿੰਘ ਸਿੱਧੂ ਦੇ ਨਾਲ ਮਲਕੀਤ ਸਿੰਘ ਬਲ, ਚਰਨਦੀਪ ਸਿੰਘ ਹੈਪੀ, ਸਰਬਜੀਤ ਸਿੰਘ ਸੈਣੀ, ਸਰਬਜੀਤ ਸਿੰਘ ਸੰਧੂ ਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਰੇਲਵੇ ਮੰਤਰਾਲੇ ਵਲੋਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਮੁੰਬਈ-ਹਜ਼ੂਰ ਸਾਹਿਬ ਨਾਂਦੇੜ ਤੱਕ ਵਧਾਉਣ ਦੀ ਪ੍ਰਵਾਨਗੀ ਦੇਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਕਦਮ ਨਾਲ ਸਿੱਖ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ ਹੈ, ਕਿਉਂਕਿ ਹੁਣ ਉਨ੍ਹਾਂ ਲਈ ਸਿੱਖ ਧਰਮ ਦੇ ਪ੍ਰਮੁੱਖ ਤੀਰਥ ਸਥਾਨ ਹਜ਼ੂਰ ਸਾਹਿਬ ਦੀ ਯਾਤਰਾ ਕਰਨਾ ਆਸਾਨ ਹੋ ਜਾਵੇਗਾ |
ਮੁੰਬਈ-ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ <br/>
ਅਜੀਤ ਡੈਸਕ
17-06-2025