ਤਲ ਅਵੀਵ, 16 ਜੂਨ (ਏਜੰਸੀ)- ਈਰਾਨ ਨੇ ਅੱਜ ਚੌਥੇ ਦਿਨ ਵੀ ਇਜ਼ਰਾਈਲ 'ਤੇ ਮਿਜ਼ਾਈਲ ਹਮਲਿਆਂ ਦੇ ਦੌਰ ਨੂੰ ਜਾਰੀ ਰੱਖਿਆ, ਜਿਸ 'ਚ ਘੱਟੋ-ਘੱਟ 8 ਲੋਕ ਮਾਰੇ ਗਏ ਤੇ ਕਈ ਜ਼ਖ਼ਮੀ ਹੋਏ, ਜਦਕਿ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸ ਨੇ ਹੁਣ ਤਹਿਰਾਨ ਉੱਤੇ ਹਵਾਈ ਉੱਤਮਤਾ ਪ੍ਰਾਪਤ ਕਰ ਲਈ ਹੈ ਤੇ ਈਰਾਨ ਦੀ ਰਾਜਧਾਨੀ ਉੱਤੇ ਬਿਨਾਂ ਕਿਸੇ ਨੁਕਸਾਨ ਦੇ ਉਡ ਸਕਦਾ ਹੈ | ਅੱਜ ਈਰਾਨੀ ਹਮਲਿਆਂ ਤੋਂ ਬਾਅਦ ਸਵੇਰ ਤੋਂ ਹੀ ਇਜ਼ਰਾਈਲ ਭਰ 'ਚ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ | ਐਮਰਜੈਂਸੀ ਸੇਵਾਵਾਂ ਨੇ ਇਜ਼ਰਾਈਲ ਦੇ ਉੱਤਰ ਤੇ ਕੇਂਦਰ 'ਚ ਮਿਜ਼ਾਈਲ ਹਮਲਿਆਂ ਦੀ ਰਿਪੋਰਟ ਦਿੱਤੀ, ਜਿਸ 'ਚ ਘੱਟੋ-ਘੱਟ 8 ਮੌਤਾਂ 'ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਇਕ ਮਿਜ਼ਾਈਲ ਤਲ ਅਵੀਵ 'ਚ ਅਮਰੀਕੀ ਕੌਂਸਲੇਟ ਦੇ ਨੇੜੇ ਡਿੱਗੀ, ਜਿਸ ਦੀਆਂ ਧਮਾਕੇ ਦੀਆਂ ਲਹਿਰਾਂ ਨਾਲ ਮਾਮੂਲੀ ਨੁਕਸਾਨ ਹੋਇਆ, ਅਮਰੀਕੀ ਰਾਜਦੂਤ ਮਾਈਕ ਹਕਾਬੀ ਨੇ 'ਐਕਸ' 'ਤੇ ਇਸ ਦੀ ਜਾਣਕਾਰੀ ਦਿੱਤੀ | ਉਨ੍ਹਾਂ ਅੱਗੇ ਕਿਹਾ ਕਿ ਸਾਰੇ ਅਮਰੀਕੀ ਕਰਮਚਾਰੀ ਸੁਰੱਖਿਅਤ ਹਨ | ਦਿਨ ਚੜ੍ਹਨ ਤੋਂ ਕੁੱਝ ਦੇਰ ਪਹਿਲਾਂ ਹੀ ਸ਼ਕਤੀਸ਼ਾਲੀ ਧਮਾਕਿਆਂ ਨੇ ਤਲ ਅਵੀਵ ਨੂੰ ਹਿਲਾ ਦਿੱਤਾ | ਈਰਾਨੀ ਮਿਜ਼ਾਈਲ ਹਮਲਿਆਂ 'ਚ ਕਈਆਂ ਦੀ ਮੌਤ ਹੋਣ ਤੋਂ ਬਾਅਦ ਇਜ਼ਰਾਈਲ ਦੇ ਰੱਖਿਆ ਮੰਤਰੀ ਕਾਟਜ਼ ਨੇ ਚੇਤਾਵਨੀ ਦਿੱਤੀ ਕਿ ਤਹਿਰਾਨ ਦੇ ਵਸਨੀਕਾਂ ਨੂੰ ਇਜ਼ਰਾਈਲੀ ਨਾਗਰਿਕਾਂ 'ਤੇ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ | ਇਜ਼ਰਾਈਲ ਦੇ ਫ਼ੌਜੀ ਬੁਲਾਰੇ ਬਿ੍ਗੇਡੀਅਰ ਜਨਰਲ ਐਫੀ ਡਿਫਰੀਨ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਈਰਾਨ ਵਿਰੁੱਧ ਇਜ਼ਰਾਈਲੀ ਕਾਰਵਾਈਆਂ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਤਹਿਰਾਨ ਦੇ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੇ ਮਿਜ਼ਾਈਲ ਲਾਂਚਰਾਂ ਦਾ ਲਗਭਗ ਇਕ ਤਿਹਾਈ ਹਿੱਸਾ (120 ਤੋਂ ਵੱਧ ਮਿਜ਼ਾਈਲ ਲਾਂਚਰ) ਤਬਾਹ ਕਰ ਦਿੱਤਾ ਹੈ | ਉਨ੍ਹਾਂ ਕਿਹਾ ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਉੱਤੇ ਹਵਾਈ ਉੱਤਮਤਾ ਪ੍ਰਾਪਤ ਕਰ ਲਈ ਹੈ ਤੇ ਈਰਾਨੀ ਹਵਾਈ ਰੱਖਿਆ ਤੇ ਮਿਜ਼ਾਈਲ ਪ੍ਰਣਾਲੀਆਂ ਨੂੰ ਇਸ ਹੱਦ ਤੱਕ ਘਟਾ ਦਿੱਤਾ ਹੈ ਕਿ ਉਸਦੇ ਜਹਾਜ਼ ਹੁਣ ਵੱਡੇ ਖ਼ਤਰਿਆਂ ਦਾ ਸਾਹਮਣਾ ਕੀਤੇ ਬਿਨਾਂ ਤਹਿਰਾਨ ਉੱਤੇ ਉੱਡ ਸਕਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਹੁਣ ਪੱਛਮੀ ਈਰਾਨ ਤੋਂ ਤਹਿਰਾਨ ਤੱਕ ਅਸਮਾਨ ਨੂੰ ਕੰਟਰੋਲ ਕਰਦਾ ਹੈ | ਇਜ਼ਰਾਈਲ ਦੀ ਫ਼ੌਜ ਨੇ ਇਸ ਦੌਰਾਨ ਈਰਾਨ ਦੀ ਕੁਦਸ ਫੋਰਸ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੀ ਵਿਦੇਸ਼ੀ ਸੰਚਾਲਨ ਸ਼ਾਖਾ ਨਾਲ ਸੰਬੰਧਿਤ ਤਹਿਰਾਨ 'ਚ ਕਮਾਂਡ ਸੈਂਟਰਾਂ ਨੂੰ ਨਿਸ਼ਾਨਾ ਬਣਾਉਣ ਦਾ ਵੀ ਦਾਅਵਾ ਕੀਤਾ | ਈਰਾਨੀ ਮੀਡੀਆ ਨੇ ਕਿਹਾ ਕਿ ਇਜ਼ਰਾਈਲੀ ਹਮਲੇ ਤੋਂ ਬਾਅਦ ਕਰਮਾਨਸ਼ਾਹ ਸ਼ਹਿਰ 'ਚ ਫਰਾਬੀ ਹਸਪਤਾਲ ਨੂੰ ਗੰਭੀਰ ਨੁਕਸਾਨ ਹੋਇਆ ਹੈ | ਈਰਾਨੀ ਸਰਕਾਰੀ ਟੈਲੀਵਿਜ਼ਨ ਸਟੂਡੀਓ ਵਲੋਂ ਕੀਤੇ ਜਾ ਰਹੇ ਲਾਈਵ ਪ੍ਰਸਾਰਣ ਦੌਰਾਨ ਵੀ ਇਕ ਇਜ਼ਰਾਈਲੀ ਮਿਜ਼ਾਇਲ ਸਟੂਡੀਓ 'ਤੇ ਡਿੱਗੀ, ਹਾਲਾਂਕਿ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਖ਼ਬਰ ਨਹੀਂ ਹੈ | ਅੱਜ ਵੱਖਰੇ ਤੌਰ 'ਤੇ ਸੰਯੁਕਤ ਰਾਸ਼ਟਰ (ਯੂ.ਐਨ.) ਪ੍ਰਮਾਣੂ ਨਿਗਰਾਨੀ ਮੁਖੀ ਰਾਫੇਲ ਗ੍ਰੋਸੀ ਨੇ ਇਜ਼ਰਾਈਲ ਦੇ ਫ਼ੌਜੀ ਹਮਲੇ ਸ਼ੁਰੂ ਕਰਨ ਤੋਂ ਬਾਅਦ ਈਰਾਨ ਦੇ ਪ੍ਰਮਾਣੂ ਸਹੂਲਤਾਂ 'ਤੇ ਸਥਿਤੀ ਬਾਰੇ ਇਕ ਅਪਡੇਟ ਪ੍ਰਦਾਨ ਕੀਤੀ ਤੇ ਕਿਹਾ ਕਿ ਨਤਾਨਜ਼ ਜਾਂ ਫੋਰਡੋ ਸੰਸ਼ੋਧਨ ਸਥਾਨਾਂ 'ਤੇ ਨੁਕਸਾਨ ਦਾ ਕੋਈ ਸੰਕੇਤ ਨਹੀਂ ਹੈ |
ਈਰਾਨ ਵਲੋਂ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਤੇਜ਼ <br/>
ਅਜੀਤ ਡੈਸਕ
17-06-2025