02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਿਜੇ ਰੁਪਾਨੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <br/>

ਅਜੀਤ ਡੈਸਕ 17-06-2025

ਰਾਜਕੋਟ/ਅਹਿਮਦਾਬਾਦ, 16 ਜੂਨ (ਪੀ.ਟੀ.ਆਈ.)-ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦਾ ਅੱਜ ਇਥੇ ਉਨ੍ਹਾਂ ਦੇ ਜੱਦੀ ਸ਼ਹਿਰ ਰਾਜਕੋਟ 'ਚ ਰਾਮਨਾਥ ਪਾਰਾ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ (ਗਾਰਡ ਆਫ਼ ਆਨਰ) ਦਿੱਤੀ ਗਈ | ਇਸ ਤੋਂ ਪਹਿਲਾਂ ਰੁਪਾਨੀ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਰਾਜਕੋਟ ਸਥਿਤ ਘਰ ਪ੍ਰਕਾਸ਼ ਸੁਸਾਇਟੀ (ਨਿਰਮਲਾ ਰੋਡ) ਵਿਖੇ ਲਿਆਂਦਾ ਗਿਆ, ਜਿਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਸੀ.ਆਰ. ਪਾਟਿਲ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਰਾਜਪਾਲ ਆਚਾਰੀਆ ਦੇਵਵ੍ਰਤ ਅਤੇ ਹੋਰ ਆਗੂ ਰੁਪਾਨੀ ਦੇ ਘਰ ਪਹੁੰਚੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਰੁਪਾਨੀ ਦੇ ਘਰ ਦੇ ਬਾਹਰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ | ਘਰ ਤੋਂ ਸ਼ਮਸ਼ਾਨਘਾਟ ਤੱਕ ਕੱਢੀ ਗਈ ਅੰਤਿਮ ਯਾਤਰਾ ਦੌਰਾਨ ਰਾਜਕੋਟ ਨਿਵਾਸੀਆਂ ਤੇ ਹੋੋਰ ਲੋਕਾਂ ਨੇ ਰੁਪਾਨੀ ਦੇ ਅੰਤਿਮ ਦਰਸ਼ਨ ਕੀਤੇ ਤੇ ਵਿਜੇ ਭਾਈ ਅਮਰ ਰਹਿਣ ਦੇ ਨਾਅਰੇ ਵੀ ਲਗਾਏ | ਜ਼ਿਕਰਯੋਗ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦਾ ਅਹਿਮਦਾਬਾਦ ਜਹਾਜ਼ ਹਾਦਸੇ 'ਚ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮਿ੍ਤਕ ਦੇਹ ਸੋਮਵਾਰ ਸਵੇਰੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ, ਜਿਸ ਮਗਰੋਂ ਮਿ੍ਤਕ ਦੇਹ ਨੂੰ ਚਾਰਟਰਡ ਜਹਾਜ਼ ਰਾਹੀਂ ਰਾਜਕੋਟ ਲਿਆਂਦਾ ਗਿਆ |
ਗੁਜਰਾਤ ਦੇ ਮੁੱਖ ਮੰਤਰੀ ਵਲੋਂ ਅਹਿਮਦਾਬਾਦ ਹਸਪਤਾਲ ਦਾ ਦੌਰਾ
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਅਹਿਮਦਾਬਾਦ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਹਿਮਦਾਬਾਦ ਸਿਵਲ ਹਸਪਤਾਲ ਵਿਖੇ ਮੁਲਾਕਾਤ ਕੀਤੀ | ਮੁੱਖ ਮੰਤਰੀ ਨੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੀੜਤਾਂ ਦੀ ਪਛਾਣ ਕਰਨ ਲਈ ਸੁਚਾਰੂ ਡੀ.ਐਨ.ਏ. ਤਸਦੀਕ ਯਕੀਨੀ ਬਣਾਈ ਜਾਵੇ ਤੇ ਮਿ੍ਤਕ ਦੇਹਾਂ ਨੂੰ ਸਨਮਾਨਜਨਕ ਢੰਗ ਨਾਲ ਸੌਂਪਿਆ ਜਾਵੇ | ਮੁੱਖ ਮੰਤਰੀ ਨੇ ਹਾਦਸੇ ਤੋਂ ਬਾਅਦ ਸ਼ੁਰੂ ਕੀਤੇ ਗਏ ਰਾਹਤ ਤੇ ਬਚਾਅ ਕਾਰਜ ਦੀ ਸਮੀਖਿਆ ਕਰਨ ਲਈ ਮੰਤਰੀਆਂ ਤੇ ਸੀਨੀਅਰ ਰਾਜ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ |
ਡੀ.ਐਨ.ਏ. ਟੈਸਟਾਂ ਰਾਹੀਂ 119 ਪੀੜਤਾਂ ਦੀ ਪਛਾਣ
ਅਹਿਮਦਾਬਾਦ ਜਹਾਜ਼ ਹਾਦਸੇ 'ਚ 270 ਜਾਨਾਂ ਜਾਣ ਤੋਂ ਚਾਰ ਦਿਨ ਬਾਅਦ ਹੁਣ ਤੱਕ ਡੀ.ਐਨ.ਏ. ਟੈਸਟਾਂ ਰਾਹੀਂ 119 ਪੀੜਤਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਤੇ 76 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ | ਇਸ ਤੋਂ ਪਹਿਲਾਂ ਅਹਿਮਦਾਬਾਦ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ 250 ਪੀੜਤਾਂ ਦੇ ਨਮੂਨੇ ਲਏ ਗਏ ਹਨ | ਸਿਵਲ ਸੁਪਰਡੈਂਟ ਡਾ. ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਸ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ | ਕੁਝ ਸ਼ਿਕਾਇਤ ਕਰ ਰਹੇ ਹਨ ਕਿ ਨਤੀਜੇ 72 ਘੰਟਿਆਂ ਬਾਅਦ ਵੀ ਨਹੀਂ ਆਏ ਹਨ | ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਘਬਰਾਉਣ ਨਾ, ਕਿਉਂਕਿ ਇਹ ਕਾਨੂੰਨੀ ਉਲਝਣਾਂ ਵਾਲੀ ਇਕ ਬਹੁਤ ਮਹੱਤਵਪੂਰਨ ਪ੍ਰਕਿਰਿਆ ਹੈ | ਨਤੀਜੇ ਆਉਂਦੇ ਹੀ ਅਸੀਂ ਉਨ੍ਹਾਂ ਨੂੰ ਫ਼ੋਨ ਕਰਾਂਗੇ | ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰੇ ਪੀੜਤਾਂ ਦੀ ਡੀ.ਐਨ.ਏ. ਜਾਂਚ ਮੰਗਲਵਾਰ ਸ਼ਾਮ ਜਾਂ ਬੁੱਧਵਾਰ ਸਵੇਰ ਤੱਕ ਪੂਰੀ ਹੋ ਜਾਵੇਗੀ |

ਪਿਛਲੀ ਖ਼ਬਰ ਕੈਨੇਡਾ 'ਚ ਜੀ-7 ਸੰਮੇਲਨ ਸ਼ੁਰੂ <br/> ਅਗਲੀ ਖ਼ਬਰ ਮੁੰਬਈ-ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।