ਸਤਪਾਲ ਸਿੰਘ ਜੌਹਲ ਜਸਜੀਤ ਸਿੰਘ ਧਾਮੀ
ਟੋਰਾਂਟੋ/ਕੈਲਗਰੀ, 16 ਜੂਨ-ਕੈਨੇਡਾ ਦੇ ਪ੍ਰਾਂਤ ਅਲਬਰਟਾ ਵਿਚ ਜੀ-ਦੇਸ਼ਾਂ ਦਾ ਸਾਲਾਨਾ ਸੰਮੇਲਨ ਸ਼ੁਰੂ ਹੋ ਗਿਆ ਹੈ, ਜਿਸ 'ਚ ਆਰਥਿਕ ਪੱਖੋਂ ਸਮਰੱਥ ਮੰਨੇ ਜਾਂਦੇ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀ ਪੁੱਜੇ ਹੋਏ ਹਨ, ਜਿਨ੍ਹਾਂ ਵਿਚ ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ, ਜਰਮਨ ਚਾਂਸਲਰ ਫ੍ਰੀਡਰਿਕ ਮੈਰਜ਼, ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ, ਜਪਾਨ ਦੇ ਪ੍ਰਧਾਨ ਮੰਤਰੀ ਸ਼ੀਗੀਰੂ ਈਸ਼ੂਬਾ ਅਲਬਰਟਾ ਦੇ ਨੀਮ ਪਹਾੜੀ (ਰੌਕੀ) ਖੇਤਰ 'ਚ ਸਥਿਤ ਕਨੇਨਸਕੀਸ ਵਿਖੇ ਪੁੱਜੇ ਹੋਏ ਹਨ ਤੇ ਮੀਟਿੰਗਾਂ ਦੇ ਦੌਰ ਚੱਲ ਰਹੇ ਹਨ, ਜਿਨ੍ਹਾਂ ਵਿਚ ਵਪਾਰ, ਊਰਜਾ, ਤਕਨੀਕੀ, ਰੱਖਿਆ, ਵਿਦੇਸ਼ੀ ਦਖਲ, ਅੱਤਵਾਦ, ਵਾਤਾਵਰਨ, ਜਾਅਲੀ ਪਰਵਾਸ, ਤੇ ਮੱਧ ਪੂਰਬ (ਇਰਾਨ/ ਇਜ਼ਰਾਈਲ/ ਗਾਜ਼ਾ) ਵਿਚ ਸ਼ਾਂਤੀ ਦੇ ਮੁੱਦਿਆਂ ਉੱਪਰ ਅੰਤਰਰਾਸ਼ਟਰੀ ਸਹਿਯੋਗ ਵਧਾਉਣਾ ਮੁੱਖ ਮੁੱਦੇ ਹਨ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੇਂਸਕੀ, ਮੈਕਸੀਕੋ ਦੀ ਪ੍ਰਧਾਨ ਮੰਤਰੀ ਕਲਾਊਡੀਆ ਸ਼ਾਈਨਬਾਊਮ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨਨੀ ਅਲਬਨੀਜ਼ ਤੇ ਸਾਊਦੀ ਅਰਬ ਦੇ ਪਿ੍ੰਸ ਮੁਹੰਮਦ ਬਿਨ ਸਲਮਾਨ ਸਾਊਦ ਤੇ ਕੁਝ ਹੋਰ ਦੇਸ਼ਾਂ ਦੇ ਮੁਖੀਆਂ ਨੂੰ ਵੀ ਕਾਰਨੀ ਵਲੋਂ ਸੱਦਾ ਦਿੱਤਾ ਗਿਆ | ਇਸੇ ਦੌਰਾਨ ਉਪਰੋਕਤ ਨੇਤਾਵਾਂ ਦੀਆਂ ਦੁਵੱਲੇ ਪੱਧਰ 'ਤੇ ਵੀ ਮੀਟਿੰਗਾਂ ਹੋ ਰਹੀਆਂ, ਜਿਸ ਵਿਚ ਮਾਰਕ ਕਾਰਨੀ ਦੀ ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਦੀ ਜੀ-7 ਮੀਟਿੰਗ ਤੋਂ ਪਹਿਲਾਂ ਹੋਈ ਮੀਟਿੰਗ ਜ਼ਿਕਰਯੋਗ ਰਹੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਲੋਂ ਵਪਾਰਕ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ | ਕਾਰਨੀ ਦੀ ਟਰੰਪ ਨਾਲ ਵੱਖਰੀ ਮੀਟਿੰਗ ਹੋ ਚੁੱਕੀ ਹੈ, ਜਿਸ ਤੋਂ ਦੋਵਾਂ ਦੇਸ਼ਾਂ ਦੀ ਟੈਰਿਫ ਦੇ ਮੁੱਦੇ 'ਤੇ ਵਪਾਰਕ ਜੰਗ ਠੱਲ੍ਹਣ ਦੀ ਸੰਭਾਵਨਾ ਬਣ ਰਹੀ ਹੈ | ਇਸੇ ਦੌਰਾਨ ਟਰੰਪ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣਾ ਹਰੇਕ ਆਗੂ ਦੇ ਮੁੱਦੇ 'ਤੇ ਹੈ ਅਤੇ ਸ੍ਰੀ ਟਰੰਪ ਨੂੰ ਗੁੱਸੇ ਨਾ ਕਰਨ (ਸਹਿਯੋਗ ਲਈ ਮਨਾਉਣ) ਵਾਲੀ ਸ਼ਬਦਾਵਲੀ ਵਰਤੇ ਜਾਣ ਬਾਰੇ ਪਤਾ ਲੱਗ ਰਿਹਾ ਹੈ | ਮੀਟਿੰਗਾਂ ਦੇ ਚੱਲਦਿਆਂ ਕਨੇਨਸਕੀਸ ਵਿਖੇ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਮੋਦੀ ਦੀ ਆਮਦ ਦਾ ਵਿਰੋਧ ਕਰ ਰਹੇ ਖਾਲਿਸਤਾਨੀ ਧਿਰਾਂ ਵਲੋਂ ਪੂਰੀ ਤਿਆਰੀ ਨਾਲ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ | ਹਰਦੀਪ ਸਿੰਘ ਨਿੱਝਰ ਦੀ ਦੂਸਰੀ ਬਰਸੀ (18 ਜੂਨ) ਤੋਂ ਐਨ ਪਹਿਲਾਂ ਸ੍ਰੀ ਮੋਦੀ ਨੂੰ ਕੈਨੇਡਾ ਦੀ ਸਰਕਾਰ ਵਲੋਂ ਸੱਦਾ ਦਿੱਤੇ ਜਾਣ ਦਾ ਵਰਲਡ ਸਿੱਖ ਆਰਗੇਨਾਈਜੇਸ਼ਨ, ਉਂਟਾਰੀਓ ਗੁਰਦੁਆਰਾਜ਼ ਕਮੇਟੀ, ਬਿ੍ਟਿਸ਼ ਕੋਲੰਬੀਆ ਗੁਰਦੁਆਰਾ ਕਮੇਟੀ, ਕਿਊਬਕ ਸਿੱਖ ਕੌਂਸਲ ਅਤੇ ਕੁਝ ਹੋਰ ਸੰਸਥਾਵਾਂ ਦੇ ਆਗੂਆਂ ਵਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ |
ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰ ਮਹਿਮਾਨਾਂ ਦੇ ਪਹੁੰਚਣ 'ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿੱਥ, ਕੈਲਗਰੀ ਸ਼ਹਿਰ ਦੇ ਮੇਅਰ ਜੋਤੀ ਗੌਂਡੇਕ ਅਤੇ ਬੀਅਰਸਪਾਓ ਫਸਟ ਨੇਸ਼ਨ ਚੀਫ਼ ਡਾਰਸੀ ਡਿਕਸਨ ਨੇ ਸਵਾਗਤ ਕੀਤਾ |
ਕੈਨੇਡਾ 'ਚ ਜੀ-7 ਸੰਮੇਲਨ ਸ਼ੁਰੂ <br/>
ਅਜੀਤ ਡੈਸਕ
17-06-2025