02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪ੍ਰਧਾਨ ਮੰਤਰੀ ਸਾਈਪ੍ਰਸ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ <br/>

ਅਜੀਤ ਡੈਸਕ 17-06-2025

ਦੋਵਾਂ ਦੇਸ਼ਾਂ 'ਚ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਖਾਕਾ ਤਿਆਰ ਕਰਾਂਗੇ-ਮੋਦੀ
ਨਿਕੋਸੀਆ, 16 ਜੂਨ (ਏਜੰਸੀ)-ਸਾਈਪ੍ਰਸ ਦੇ ਦੌਰੇ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਪ੍ਰਧਾਨ ਮੰਤਰੀ ਨੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਸਾਈਪ੍ਰਸ ਦੇ 'ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ 111' ਸਨਮਾਨ ਨੂੰ ਪ੍ਰਾਪਤ ਕਰਕੇ ਨਿਮਰ ਮਹਿਸੂਸ ਹੋ ਰਿਹਾ ਹੈ | ਮੈਂ ਇਸ ਸਨਮਾਨ ਨੂੰ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਨੂੰ ਸਮਰਪਿਤ ਕਰਦਾ ਹਾਂ | ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕਿ੍ਸਟੋਡੌਲਾਈਡਜ਼ ਨੇ ਪ੍ਰਧਾਨ ਮੰਤਰੀ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ | ਰਾਸ਼ਟਰਪਤੀ ਕਿ੍ਸਟੋਡੌਲਾਈਡਜ਼ ਨਾਲ ਵਿਆਪਕ ਗੱਲਬਾਤ ਕਰਨ ਮਗਰੋਂ ਉਨ੍ਹਾਂ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ 'ਚ ਨਿਰੰਤਰ ਸਮਰਥਨ ਲਈ ਸਾਈਪ੍ਰਸ ਦਾ ਧੰਨਵਾਦ ਕੀਤਾ | ਇੱਥੇ ਕਿ੍ਸਟੋਡੌਲਾਈਡਜ਼ ਨਾਲ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ 'ਚ ਆਪਣੀਆਂ ਟਿੱਪਣੀਆਂ 'ਚ ਮੋਦੀ ਨੇ ਕਿਹਾ ਕਿ ਭਾਰਤ ਤੇ ਸਾਈਪ੍ਰਸ ਆਪਣੀ ਭਾਈਵਾਲੀ ਨੂੰ ਇਕ ਰਣਨੀਤਕ ਦਿਸ਼ਾ ਦੇਣ ਲਈ 5 ਸਾਲਾਂ ਦਾ ਇਕ ਸੰਪੂਰਨ ਖਾਕਾ ਵਿਕਸਿਤ ਕਰਨਗੇ ਤੇ ਦੁਵੱਲੇ ਰੱਖਿਆ ਸਹਿਯੋਗ ਪ੍ਰੋਗਰਾਮ, ਸਾਈਬਰ ਅਤੇ ਸਮੁੰਦਰੀ ਖੇਤਰ 'ਚ ਸੁਰੱਖਿਆ 'ਤੇ ਵੀ ਗੱਲਬਾਤ ਸ਼ੁਰੂ ਕੀਤੀ ਜਾਵੇਗੀ | ਇਸ ਦੌਰਾਨ ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਤੇ ਯੂਰਪ 'ਚ ਚੱਲ ਰਹੇ ਟਕਰਾਵਾਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਦੋਵੇਂ ਇਸ ਗੱਲ 'ਤੇ ਸਹਿਮਤ ਹੋਏ ਕਿ ਇਹ 'ਯੁੱਧ ਦਾ ਯੁੱਗ ਨਹੀਂ' ਹੈ | ਪ੍ਰੈੱਸ ਕਾਨਫਰੰਸ 'ਚ ਕਿ੍ਸਟੋਡੌਲਾਈਡਜ਼ ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਵੀ ਯਾਦ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਸਾਈਪ੍ਰਸ ਭਾਰਤ ਨਾਲ ਪੂਰੀ ਏਕਤਾ 'ਚ ਖੜ੍ਹਾ ਹੈ | ਇਸ ਦੌਰਾਨ ਉਨ੍ਹਾਂ 12 ਜੂਨ ਨੂੰ ਅਹਿਮਦਾਬਾਦ 'ਚ ਹੋਏ ਜਹਾਜ਼ ਹਾਦਸੇ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਸਾਈਪ੍ਰਸ ਦੇ ਲੋਕ ਦੁੱਖ ਦੀ ਇਸ ਘੜੀ 'ਚ ਭਾਰਤ ਦੇ ਨਾਲ ਹਨ | ਇਸ ਤੋਂ ਪਹਿਲਾਂ ਮੋਦੀ ਨੇ ਭਾਰਤ-ਸਾਈਪ੍ਰਸ ਸੰਬੰਧਾਂ ਨੂੰ ਹੁਲਾਰਾ ਦੇਣ ਲਈ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਕਿ੍ਸਟੋਡੌਲਾਈਡਜ਼ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ | ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਮੌਜੂਦ ਰਹੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਈਪ੍ਰਸ ਭਾਰਤ ਲਈ ਇਕ ਮਹੱਤਵਪੂਰਨ ਆਰਥਿਕ ਭਾਈਵਾਲ ਹੈ | ਮੋਦੀ ਨੇ ਸਾਈਪ੍ਰਸ ਨੂੰ ਇਕ ਮਸ਼ਹੂਰ ਸੈਰ-ਸਪਾਟਾ ਸਥਾਨ ਦੱਸਿਆ ਤੇ ਕਿਹਾ ਕਿ ਭਾਰਤ ਵੀ ਮੰਜ਼ਿਲ ਵਿਕਾਸ ਅਤੇ ਪ੍ਰਬੰਧਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ | ਵਿੱਤੀ ਸੇਵਾਵਾਂ ਦੇ ਖੇਤਰ 'ਚ ਵਪਾਰਕ ਸ਼ਮੂਲੀਅਤ ਦੀ ਸੰਭਾਵਨਾ ਨੂੰ ਉਜਾਗਰ ਕਰਦੇ ਹੋਏ ਦੋਵਾਂ ਨੇਤਾਵਾਂ ਨੇ ਐਨ.ਐਸ.ਈ. ਇੰਟਰਨੈਸ਼ਨਲ ਐਕਸਚੇਂਜ ਗਿਫ਼ਟ ਸਿਟੀ, ਗੁਜਰਾਤ ਤੇ ਸਾਈਪ੍ਰਸ ਸਟਾਕ ਐਕਸਚੇਂਜ ਵਿਚਕਾਰ ਇਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਸਵਾਗਤ ਕੀਤਾ | ਯੂ.ਪੀ.ਆਈ. ਸ਼ੁਰੂ ਕਰਨ ਬਾਰੇ ਵੀ ਇਕ ਸਮਝੌਤਾ ਕੀਤਾ ਗਿਆ, ਜਿਸ ਨਾਲ ਸੈਲਾਨੀਆਂ ਅਤੇ ਕਾਰੋਬਾਰਾਂ ਨੂੰ ਲਾਭ ਹੋਵੇਗਾ | ਪ੍ਰਧਾਨ ਮੰਤਰੀ ਨੇ ਇਸ ਤੱਥ ਦਾ ਸਵਾਗਤ ਕੀਤਾ ਕਿ ਬਹੁਤ ਸਾਰੀਆਂ ਭਾਰਤੀ ਕੰਪਨੀਆਂ ਸਾਈਪ੍ਰਸ ਨੂੰ ਯੂਰਪ ਦੇ ਪ੍ਰਵੇਸ਼ ਦੁਆਰ ਤੇ ਆਈ.ਟੀ. ਸੇਵਾਵਾਂ, ਵਿੱਤੀ ਪ੍ਰਬੰਧਨ ਅਤੇ ਸੈਰ-ਸਪਾਟੇ ਦੇ ਕੇਂਦਰ ਵਜੋਂ ਵੇਖਦੀਆਂ ਹਨ |

ਪਿਛਲੀ ਖ਼ਬਰ ਲੁਧਿਆਣਾ ਪੱਛਮੀ ਚੋਣ ਜਿੱਤਣ ਤੋਂ ਬਾਅਦ ਤੇਜ਼ੀ ਨਾਲ ਹੋਵੇਗੀ ਪੰਜਾਬ ਦੀ ਤਰੱਕੀ-ਸਿਸੋਦੀਆ <br/> ਅਗਲੀ ਖ਼ਬਰ ਕੈਨੇਡਾ 'ਚ ਜੀ-7 ਸੰਮੇਲਨ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।