ਨਵੀਂ ਦਿੱਲੀ, 16 ਜੂਨ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਵਾਡਰਾ ਦੇ ਕਾਰੋਬਾਰੀ ਪਤੀ ਰਾਬਰਟ ਵਾਡਰਾ ਨੂੰ ਯੂ.ਕੇ. ਸਥਿਤ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ ਨਵਾਂ ਸੰਮਨ ਜਾਰੀ ਕੀਤਾ ਹੈ | ਸੂਤਰਾਂ ਨੇ ਦੱਸਿਆ ਕਿ ਵਾਡਰਾ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਜਾਂਚ ਅਧੀਨ ਇਸ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਾਉਣ ਲਈ 17 ਜੂਨ ਨੂੰ ਇੱਥੇ ਸੰਘੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਜ਼ਿਕਰਯੋਗ ਹੈ ਕਿ ਰਾਬਰਟ ਵਾਡਰਾ ਨੂੰ 10 ਜੂਨ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਇਹ ਕਹਿੰਦਿਆਂ ਹਾਜ਼ਰ ਹੋਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਨੂੰ 9 ਜੂਨ ਨੂੰ ਫਲੂ ਵਰਗੇ ਲੱਛਣ ਸਨ ਅਤੇ ਪ੍ਰੋਟੋਕਾਲ ਅਨੁਸਾਰ ਉਨ੍ਹਾਂ ਨੇ ਕੋਵਿਡ ਟੈਸਟ ਕਰਵਾਇਆ ਸੀ | ਉਨ੍ਹਾਂ ਦੇ ਵਕੀਲ ਨੇ ਫਿਰ ਕਿਹਾ ਸੀ ਕਿ ਵਾਡਰਾ ਦਾ ਸੰਮਨ ਤੋਂ ਬਚਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਵਿਦੇਸ਼ ਯਾਤਰਾ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਿਸੇ ਵੀ ਸਮੇਂ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਤਿਆਰ ਹਨ |
ਈ.ਡੀ. ਵਲੋਂ ਰਾਬਰਟ ਵਾਡਰਾ ਨੂੰ ਸੰਮਨ <br/>
ਅਜੀਤ ਡੈਸਕ
17-06-2025