ਨਵੀਂ ਦਿੱਲੀ, 16 ਜੂਨ (ਏਜੰਸੀ)-ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਲਈ ਸਰਕਾਰ ਵਲੋਂ ਗਠਿਤ ਇਕ ਉਚ ਪੱਧਰੀ ਬਹੁ-ਅਨੁਸ਼ਾਸਨੀ ਕਮੇਟੀ ਨੇ ਸੋਮਵਾਰ ਨੂੰ ਵੱਖ-ਵੱਖ ਸੰਭਾਵਿਤ ਸਿਧਾਂਤਾਂ 'ਤੇ ਵਿਚਾਰ-ਵਟਾਂਦਰਾ ਕੀਤਾ | ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਪ੍ਰਧਾਨਗੀ ਵਾਲੇ ਪੈਨਲ ਨੇ ਹਵਾਈ ਹਾਦਸੇ ਦੇ ਸੰਭਾਵਿਤ ਕਾਰਨਾਂ ਬਾਰੇ ਵੱਖ-ਵੱਖ ਪ੍ਰਤੀਨਿਧੀਆਂ ਦੇ ਵਿਚਾਰ ਸੁਣੇ ਅਤੇ ਭਵਿੱਖ ਵਿਚ ਅਜਿਹੇ ਕਿਸੇ ਵੀ ਹਾਦਸੇ ਦੀ ਘਟਨਾ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ 'ਚ ਸ਼ਾਮਿਲ ਹੋਣ ਵਾਲਿਆਂ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਗ੍ਰਹਿ ਮੰਤਰਾਲੇ, ਭਾਰਤੀ ਹਵਾਈ ਸੈਨਾ, ਖੁਫੀਆ ਬਿਊਰੋ, ਗੁਜਰਾਤ ਸਰਕਾਰ, ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਦੇ ਪ੍ਰਤੀਨਿਧੀ ਸ਼ਾਮਿਲ ਸਨ | ਕਮੇਟੀ ਤੋਂ ਤਿੰਨ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੀ ਉਮੀਦ ਹੈ |
ਅਮਰੀਕੀ ਏਜੰਸੀ ਨੇ ਵੀ ਹਾਦਸੇ ਦੀ ਜਾਂਚ ਕੀਤੀ ਸ਼ੁਰੂ
ਅਹਿਮਦਾਬਾਦ, 16 ਜੂਨ (ਏਜੰਸੀ)- ਅਮਰੀਕਾ ਦੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐਨ.ਟੀ.ਐਸ.ਬੀ.) ਨੇ ਇੱਥੇ ਏਅਰ ਇੰਡੀਆ ਜਹਾਜ਼ ਹਾਦਸੇ ਦੀ ਸਮਾਨਾਂਤਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਈ ਅੰਤਰਰਾਸ਼ਟਰੀ ਮਾਹਰਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ | ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ ਪਿਛਲੇ ਹਫ਼ਤੇ ਇਸ ਹਾਦਸੇ ਦੇ ਕਾਰਨਾਂ ਦੀ ਤਹਿ ਤੱਕ ਜਾਣ ਲਈ ਪਹਿਲਾਂ ਹੀ ਇਕ ਵਿਸਤਿ੍ਤ ਜਾਂਚ ਸ਼ੁਰੂ ਕੀਤੀ ਸੀ | ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਅਮਰੀਕੀ ਐਨ.ਟੀ.ਐਸ.ਬੀ. ਅੰਤਰਰਾਸ਼ਟਰੀ ਪ੍ਰੋਟੋਕੋਲ ਤਹਿਤ ਸਮਾਨਾਂਤਰ ਜਾਂਚ ਕਰ ਰਿਹਾ ਹੈ, ਕਿਉਂਕਿ ਜਹਾਜ਼ ਅਮਰੀਕਾ ਤੋਂ ਬਣਿਆ ਹੈ | ਐਨ.ਟੀ.ਐਸ.ਬੀ. ਅਮਰੀਕਾ ਦੀ ਇਕ ਸੁਤੰਤਰ ਸੰਘੀ ਏਜੰਸੀ ਹੈ ਜਿਸ ਨੂੰ ਹਰੇਕ ਸਿਵਲ ਹਵਾਬਾਜ਼ੀ ਹਾਦਸੇ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ | ਸੂਤਰਾਂ ਅਨੁਸਾਰ ਬੋਇੰਗ ਅਤੇ ਏਅਰ ਇੰਡੀਆ ਦੀਆਂ ਟੀਮਾਂ ਵੀ ਜਾਂਚ ਵਿਚ ਏਜੰਸੀਆਂ ਦੀ ਸਹਾਇਤਾ ਕਰ ਰਹੀਆਂ ਹਨ |
ਜਹਾਜ਼ ਹਾਦਸਾ-ਸਰਕਾਰ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਨੇ ਸੰਭਾਵਿਤ ਕਾਰਨਾਂ ਦੀ ਕੀਤੀ ਜਾਂਚ <br/>
ਅਜੀਤ ਡੈਸਕ
17-06-2025