ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਆਸਿਮ ਮੁਨੀਰ ਅਤੇ ਟਰੰਪ ਦੀ ਮੁਲਾਕਾਤ ਤੋਂ ਬਾਅਦ ਕਿਆਫ਼ੇ ਲਗਾਏ ਜਾ ਰਹੇ ਹਨ ਕਿ ਜਿਸ ਤਰ੍ਹਾਂ ਟਰੰਪ ਪਾਕਿ ਦੇ ਫ਼ੌਜ ਮੁਖੀ ਨੂੰ ਇੰਨੀ ਮਹੱਤਤਾ ਦੇ ਰਹੇ ਹਨ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਨਹੀਂ ਬਲਕਿ ਮੁਨੀਰ ਨੂੰ ਪਾਕਿ ਦੇ ਅਸਲ ਨੇਤਾ ਵਜੋਂ ਮਾਨਤਾ ਦੇ ਰਹੇ ਹਨ | ਪਾਕਿਸਤਾਨੀ ਰਾਜਨੀਤਕ ਅਤੇ ਉਥੋਂ ਦੀ ਆਮ ਜਨਤਾ ਵੀ ਇਸ ਤੱਥ ਨੂੰ ਹਜ਼ਮ ਨਹੀਂ ਕਰ ਪਾ ਰਹੀ ਕਿ ਅਮਰੀਕੀ ਰਾਸ਼ਟਰਪਤੀ ਨੇ ਪਾਕਿ ਦੇ ਫ਼ੌਜ ਮੁਖੀ ਨੂੰ ਮਿਲਣ ਦਾ ਫ਼ੈਸਲਾ ਕਿਸ ਮਕਸਦ ਨਾਲ ਕੀਤਾ | ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਬਜਾਏ ਕਿਸੇ ਹੇਠਲੇ ਪੱਧਰ ਦੇ ਸਰਕਾਰੀ ਅਧਿਕਾਰੀ ਨੂੰ ਮਿਲਣਾ ਪ੍ਰੋਟੋਕਾਲ ਤੋਂ ਬਾਹਰ ਹੈ | ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਅਧਿਕਾਰੀਆਂ ਤੋਂ ਬਿਨਾਂ ਇਕੱਲੇ ਪਾਕਿ ਫ਼ੌਜ ਮੁਖੀ ਨਾਲ ਗੱਲਬਾਤ ਕੀਤੀ | ਮੁਨੀਰ ਇਸ ਸਮੇਂ ਅਮਰੀਕਾ ਦੇ ਦੌਰੇ 'ਤੇ ਹਨ | ਦੂਜੇ ਪਾਸੇ ਮੁਨੀਰ ਨੂੰ ਵਾਸ਼ਿੰਗਟਨ 'ਚ ਥਾਂ-ਥਾਂ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ | ਅਮਰੀਕੀ-ਪਾਕਿਸਤਾਨੀ ਨਾਗਰਿਕਾਂ ਨੇ ਉਨ੍ਹਾਂ ਨੂੰ 'ਤਾਨਾਸ਼ਾਹ', 'ਬੁੱਚੜ' ਅਤੇ 'ਸਮੂਹਿਕ ਹਤਿਆਰਾ' ਆਦਿ ਕਹਿ ਕੇ ਸੰਬੋਧਿਤ ਕੀਤਾ |