ਨਵੀਂ ਦਿੱਲੀ, 21 ਜੂਨ (ਪੀ.ਟੀ.ਆਈ.)-ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤੱਕ 1117 ਭਾਰਤੀ ਨਾਗਰਿਕ ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਘਰ ਵਾਪਸ ਆ ਚੁੱਕੇ ਹਨ | ਇਸ ਸੰਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ 'ਤੇ ਕਿਹਾ ਕਿ ਆਪ੍ਰੇਸ਼ਨ ਸਿੰਧੂ ਉਡਾਣ ਨਾਗਰਿਕਾਂ ਨੂੰ ਘਰ ਲੈ ਕੇ ਆਈ | ਭਾਰਤ ਨੇ ਇਕ ਚਾਰਟਰ ਉਡਾਣ ਰਾਹੀਂ ਈਰਾਨ ਤੋਂ 290 ਭਾਰਤੀ ਨਾਗਰਿਕਾਂ ਨੂੰ ਲਿਆਂਦਾ, ਜਿਨ੍ਹਾਂ 'ਚ ਵਿਦਿਆਰਥੀ ਤੇ ਧਾਰਮਿਕ ਸ਼ਰਧਾਲੂ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਧੂ ਜਾਰੀ ਹੈ | ਤੁਰਕਮੇਨਿਸਤਾਨ ਦੇ ਅਸ਼ਗਾਬਤ ਤੋਂ ਇਕ ਵਿਸ਼ੇਸ਼ ਨਿਕਾਸੀ ਉਡਾਣ 21 ਜੂਨ ਨੂੰ ਸਵੇਰੇ 3 ਵਜੇ ਨਵੀਂ ਦਿੱਲੀ ਪਹੁੰਚੀ, ਜੋ ਈਰਾਨ ਤੋਂ ਭਾਰਤੀਆਂ ਨੂੰ ਘਰ ਲੈ ਕੇ ਆਈ | ਇਸ ਦੇ ਨਾਲ ਹੁਣ ਤੱਕ ਈਰਾਨ ਤੋਂ 517 ਭਾਰਤੀ ਨਾਗਰਿਕ ਆਪ੍ਰੇਸ਼ਨ ਸਿੰਧੂ ਤਹਿਤ ਘਰ ਵਾਪਸ ਆ ਗਏ ਹਨ | ਆਪ੍ਰੇਸ਼ਨ ਸਿੰਧੂ ਮਸ਼ਹਦ ਤੋਂ 2 ਹੋਰ ਨਿਕਾਸੀ ਉਡਾਣਾਂ 21 ਜੂਨ ਨੂੰ ਸ਼ਾਮ 4 ਵਜੇ ਅਤੇ ਦੇਰ ਰਾਤ ਨਵੀਂ ਦਿੱਲੀ ਪਹੁੰਚੀਆਂ, ਜਿਨ੍ਹਾਂ 'ਚ 310 ਤੇ 290 ਭਾਰਤੀ ਨਾਗਰਿਕ ਸਵਾਰ ਸਨ | ਇਸ ਦੇ ਨਾਲ ਕੁੱਲ 1117 ਭਾਰਤੀਆਂ ਨੂੰ ਲਿਆਂਦਾ ਜਾ ਚੁੱਕਾ ਹੈ | ਇਸ ਤੋਂ ਇਲਾਵਾ ਈਰਾਨ 'ਚ ਭਾਰਤੀ ਦੂਤਘਰ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਨਿਪਾਲ ਤੇ ਸ੍ਰੀਲੰਕਾ ਦੀਆਂ ਸਰਕਾਰਾਂ ਦੀ ਬੇਨਤੀ 'ਤੇ ਈਰਾਨ 'ਚ ਭਾਰਤੀ ਦੂਤਘਰ ਦੇ ਨਿਕਾਸੀ ਯਤਨਾਂ 'ਚ ਨਿਪਾਲ ਤੇ ਸ੍ਰੀਲੰਕਾ ਦੇ ਨਾਗਰਿਕ ਵੀ ਸ਼ਾਮਿਲ ਹੋਣਗੇ |