ਨਸ਼ਿਆਂ ਸੰਬੰਧੀ ਕੈਬਨਿਟ ਸਬ ਕਮੇਟੀ ਨੂੰ ਵੀ ਪ੍ਰਵਾਨਗੀ a
ਸ਼ਹਿਰੀਕਰਨ ਅਥਾਰਟੀਆਂ ਦੇ ਚੇਅਰਮੈਨ ਹੁਣ ਮੁੱਖ ਮੰਤਰੀ ਦੀ ਥਾਂ ਮੁੱਖ ਸਕੱਤਰ ਹੋਣਗੇ
ਹਰਕਵਲਜੀਤ ਸਿੰਘ
ਚੰਡੀਗੜ੍ਹ, 21 ਜੂਨ-ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਹੋਈ ਇਕ ਬੈਠਕ ਵਲੋਂ ਜੇਲ੍ਹਾਂ 'ਚ 500 ਨਵੀਆਂ ਅਸਾਮੀਆਂ ਸਿਰਜਣ, ਲੇਬਰ ਭਲਾਈ ਫ਼ੰਡ ਲਈ ਮੁਲਾਜ਼ਮਾਂ ਅਤੇ ਮਾਲਕਾਂ ਵਲੋਂ ਦਿੱਤੀ ਜਾਂਦੀ ਰਾਸ਼ੀ ਵਧਾਉਣ, ਅੱਗ ਸੁਰੱਖਿਆ ਸਰਟੀਫਿਕੇਟਾਂ ਦੀ ਮਿਆਦ ਇਕ ਸਾਲ ਦੀ ਥਾਂ ਪੰਜ ਸਾਲ ਤੱਕ ਵਧਾਉਣ, ਸਨਅਤਾਂ ਲਈ ਨਕਸ਼ਿਆਂ ਦੀ ਪ੍ਰਵਾਨਗੀ ਸਰਕਾਰ ਵਲੋਂ ਪ੍ਰਵਾਨਿਤ ਆਰਕੀਟੈਕਟਾਂ ਰਾਹੀ ਦੇਣ ਅਤੇ ਸਨਅਤੀ ਪਲਾਟਾਂ ਦੀ ਵੰਡ ਸੰਬੰਧੀ ਨੀਤੀ ਅਤੇ ਸ਼ਹਿਰੀਕਰਨ ਸੰਬੰਧੀ ਅਥਾਰਟੀਆਂ ਦੇ ਚੇਅਰਮੈਨ ਮੁੱਖ ਮੰਤਰੀ ਦੀ ਥਾਂ ਮੁੱਖ ਸਕੱਤਰ ਨੂੰ ਬਣਾਉਣ ਨੰੂ ਪ੍ਰਵਾਨਗੀ ਦੇ ਦਿੱਤੀ ਗਈ | ਮੰਤਰੀ ਮੰਡਲ ਦੀ ਅੱਜ ਮੁੱਖ ਮੰਤਰੀ ਨਿਵਾਸ ਦੀ ਥਾਂ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੇ ਦਫ਼ਤਰ ਵਿਖੇ ਹੋਈ ਬੈਠਕ ਤੋਂ ਬਾਅਦ ਰਾਜ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਨਅਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਮੰਤਰੀ ਮੰਡਲ ਵਲੋਂ ਰਾਜ ਦੀਆਂ ਜੇਲ੍ਹਾਂ ਲਈ 490 ਅਸਾਮੀਆਂ ਸਿਰਜਣ ਲਈ ਪ੍ਰਵਾਨਗੀ ਦੇ ਦਿੱਤੀ, ਜਿਨ੍ਹਾਂ ਲਈ ਰਾਜ ਦੇ ਸਰਵਿਸ ਸਿਲੈੱਕਸ਼ਨ ਬੋਰਡ ਵਲੋਂ ਭਰਤੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 29 ਸਹਾਇਕ ਜੇਲ੍ਹ ਸਪਰੀਡੈਂਟ, 451 ਵਾਰਡਨ ਅਤੇ 20 ਮੈਟਰਨ ਦੀਆਂ ਅਸਾਮੀਆਂ ਹੋਣਗੀਆਂ | ਉਨ੍ਹਾਂ ਕਿਹਾ ਕਿ ਇਸ ਭਰਤੀਆਂ ਨਾਲ ਜੇਲ੍ਹਾਂ ਦੇ ਪ੍ਰਬੰਧ ਤੇ ਸੁਰੱਖਿਆ ਵਿਚ ਸੁਧਾਰ ਆਵੇਗਾ | ਉਨ੍ਹਾਂ ਰਾਜ ਵਿਚ ਪੀ.ਐਸ.ਆਈ.ਈ.ਸੀ. ਵਲੋਂ ਅਲਾਟ ਕੀਤੇ ਹੋਏ ਪਲਾਟ ਜੋ 'ਫ਼ਰੀ ਰੋਲਡ' ਹਨ, ਦੀ ਵੰਡ ਅਤੇ ਪਲਾਟ ਕੱਟੇ ਜਾਣ ਲਈ ਸਰਕਾਰੀ ਨੂੰ ਪ੍ਰਵਾਨਗੀ ਮਿਲਣ ਦਾ ਐਲਾਨ ਵੀ ਕੀਤਾ | ਉਨ੍ਹਾਂ ਕਿਹਾ ਕਿ ਇਕ ਹਜ਼ਾਰ ਗਜ਼ ਤੋਂ ਵੱਧ ਉਹ ਪਲਾਟ ਜੋ 40 ਫੁੱਟ ਦੀ ਸੜਕ 'ਤੇ ਹੋਣਗੇ, 'ਚੋਂ ਵੰਡ ਕਰਕੇ ਪਲਾਂਟ ਕੱਟੇ ਜਾ ਸਕਣਗੇ | ਵਰਨਣਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਉਨ੍ਹਾਂ ਦੇ ਬਾਅਦ ਦੀਆਂ ਸਰਕਾਰਾਂ ਵਲੋਂ ਅਲਾਟ ਕੀਤੇ ਬਹੁਤੇ ਸਾਰੇ ਵੱਡੇ ਪਲਾਂਟ ਖ਼ਾਲੀ ਪਏ ਹਨ ਪਰ ਜੋ ਪਲਾਟ 'ਫ਼ਰੀ ਹੋਲਡ' ਨਹੀਂ ਹਨ, ਉਨ੍ਹਾਂ ਨੂੰ ੂ ਸਰਕਾਰੀ ਰਿਜ਼ਰਵ ਮੁੱਲ ਦਾ ਪੰਜ ਫ਼ੀਸਦੀ ਜਮ੍ਹਾਂ ਕਰਵਾ ਕਿ 'ਫ਼ਰੀ ਹੋਲਡ' ਕਰਵਾਇਆ ਜਾ ਸਕੇਗਾ | ਉਨ੍ਹਾਂ ਦੱਸਿਆ ਕਿ ਜੋ ਵੀ ਫ਼ੀਸਾਂ ਮਿਲਣਗੀਆਂ, ਉਸ ਦਾ 60 ਫ਼ੀਸਦੀ ਪੀ.ਐਸ.ਆਈ.ਈ.ਸੀ. ਅਤੇ 40 ਫ਼ੀਸਦੀ ਰਾਜ ਸਰਕਾਰ ਨੂੰ ਮਿਲੇਗਾ | ਇਸ ਲਈ 10 ਹਜ਼ਾਰ ਰੁਪਏ 'ਪ੍ਰੋਸੈਸਿੰਗ' ਫ਼ੀਸ ਵੀ ਹੋਵੇਗੀ | ਉਨ੍ਹਾਂ ਦੱਸਿਆਂ ਕਿ ਇਨ੍ਹਾਂ ਪਲਾਟ ਦੀ ਵੰਡ ਲਈ 400 ਗਜ਼ ਤੋਂ ਛੋਟਾ ਪਲਾਟ ਕੱਟਣ 'ਤੇ ਵੀ ਪਾਬੰਦੀ ਹੋਵੇਗੀ ਅਤੇ ਇਨ੍ਹਾਂ ਪਲਾਟਾਂ ਲਈ 40 ਫੁੱਟ ਦੀ ਸੜਕ ਦਿੱਤੀ ਜਾਵੇਗੀ | ਮੰਤਰੀ ਮੰਡਲ ਨੇ ਫ਼ੈਸਲਾ ਲਿਆ ਕਿ ਹੁਣ ਸਨਅਤੀ ਉਸਾਰੀਆਂ ਲਈ ਨਕਸ਼ਿਆਂ ਦੀ ਪ੍ਰਵਾਨਗੀ ਵੀ ਸਰਕਾਰ ਵਲੋਂ ਪ੍ਰਵਾਨਿਤ ਇੰਜੀਨੀਅਰਾਂ ਵਲੋਂ ਦਿੱਤੀ ਜਾ ਸਕੇਗੀ, ਜਿਨ੍ਹਾਂ ਲਈ ਸਿਵਲ, ਮਕੈਨੀਕਲ ਜਾ ਸਟਕਚਰਲ ਇੰਜੀਨੀਅਰਿੰਗ ਦੀ ਡਿਗਰੀ ਅਤੇ ਪੰਜ ਸਾਲ ਦਾ ਤਜਰਬਾ ਜ਼ਰੂਰੀ ਹੋਵੇਗਾ ਜਾਂ ਮਾਸਟਰ ਡਿਗਰੀ ਨਾਲ 2 ਸਾਲ ਦਾ ਤਜਰਬਾ ਜ਼ਰੂਰੀ ਰਹੇਗਾ | ਸਰਕਾਰ ਵਲੋਂ ਨਵੀਆਂ ਸਨਅਤਾਂ ਲਈਆਂ ਸਾਰੀਆਂ ਪ੍ਰਵਾਨਗੀਆਂ 45 ਦਿਨਾਂ ਅੰਦਰ ਦੇਣ ਦਾ ਐਲਾਨ ਕੀਤਾ ਗਿਆ ਹੈ | ਮੰਤਰੀ ਮੰਡਲ ਵਲੋਂ ਅੱਜ ਪੰਜਾਬ ਲੇਬਰ ਭਲਾਈ ਫ਼ੰਡ 1995 ਦੇ ਨਿਯਮਾਂ ਵਿਚ ਸੋਧ ਕਰਕੇ ਹਰ ਮੁਲਾਜ਼ਮ ਦੇ ਫ਼ੰਡ ਲਈ 5 ਦੀ ਥਾਂ 10 ਰੁਪਏ ਕੱਟਣ ਅਤੇ ਮਾਲਕਾਂ ਦੇ 20 ਦੀ ਥਾਂ 40 ਰੁਪਏ ਕੱਟੇ ਜਾਣ ਦਾ ਫ਼ੈਸਲਾ ਲਿਆ ਹੈ ਅਤੇ ਇਸ ਫ਼ੰਡ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਸਨਅਤਕਾਰਾਂ ਤੇ ਵਪਾਰੀਆਂ ਦੀ ਖ਼ੱਜਲ-ਖ਼ੁਆਰੀ ਘਟਾਉਣ ਲਈ ਹੁਣ ਅੱਗ ਸੁਰੱਖਿਆ ਸਰਟੀਫਿਕੇਟ ਦੀ ਮਿਆਦ ਵਧਾ ਦਿੱਤੀ ਗਈ ਹੈ ਅਤੇ ਇਹ ਹੁਣ ਇਕ ਸਾਲ ਦੀ ਥਾਂ ਕੁਝ ਵਰਗਾਂ ਲਈ ਤਿੰਨ ਸਾਲ ਤੇ ਕੁਝ ਲਈ ਪੰਜ ਸਾਲ ਹੋਵੇਗੀ | ਉਨ੍ਹਾਂ ਦੱਸਿਆ ਕਿ ਖੇਤਰੀ ਯੋਜਨਾ ਹੇਠ ਬਣਾਈਆਂ ਗਈਆਂ ਅਥਾਰਟੀਆਂ, ਜਿਵੇਂ ਗਮਾਡਾ, ਗਲਾਡਾ ਅਤੇ ਪਟਿਆਲਾ, ਜਲੰਧਰ, ਅੰਮਿ੍ਤਸਰ, ਲੁਧਿਆਣਾ, ਸ੍ਰੀ ਅਨੰਦਪੁਰ ਸਾਹਿਬ , ਬਠਿੰਡਾ ਤੇ ਡੇਰਾ ਬਾਬਾ ਨਾਨਕ ਆਦਿ ਲਈ ਅਥਾਰਟੀਆਂ ਦਾ ਚੇਅਰਮੈਨ ਮੁੱਖ ਮੰਤਰੀ ਦੀ ਥਾਂ ਮੁੱਖ ਸਕੱਤਰ ਨੂੰ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਕਿਉਕਿ ਮੁੱਖ ਮੰਤਰੀ ਕੋਲ ਕਈ ਵਾਰ ਏਨਾ ਸਮਾਂ ਨਹੀਂ ਹੁੰਦਾ | ਮੰਤਰੀ ਮੰਡਲ ਵਲੋਂ ਯੁੱਧ ਨਸ਼ਿਆਂ ਵਿਰੁੱਧ ਲਈ ਪਿਛਲੇ 3 ਮਹੀਨੇ ਤੋਂ ਕੰਮ ਕਰ ਰਹੀ ਕੈਬਨਿਟ ਸਬ ਕਮੇਟੀ ਨੂੰ ਵੀ ਅਜੇ ਪਿਛਲੇ ਸਮੇਂ ਤੋਂ ਹੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੇ ਮੁਖੀ ਹਰਪਾਲ ਸਿੰਘ ਚੀਮਾ ਹਨ |
ਮੰਤਰੀ ਮੰਡਲ ਵਲੋਂ ਜੇਲ੍ਹਾਂ ਲਈ 500 ਨਵੀਆਂ ਅਸਾਮੀਆਂ, ਸਨਅਤੀ ਪਲਾਟਾਂ ਦੀ ਵੰਡ ਦੀ ਨੀਤੀ, ਅੱਗ ਸੁਰੱਖਿਆ ਸਰਟੀਫਿਕੇਟ ਦੀ ਮਿਆਦ 5 ਸਾਲ ਕਰਨ ਨੂੰ ਪ੍ਰਵਾਨਗੀ <br/>
ਅਜੀਤ ਡੈਸਕ
22-06-2025