7 ਦਿਨਾਂ 'ਚ ਮੰਗਿਆ ਜਵਾਬ
ਮੁੰਬਈ, 21 ਜੂਨ (ਏਜੰਸੀ)-ਡੀ.ਜੀ.ਸੀ.ਏ. ਨੇ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੂੰ ਉਡਾਣ ਅਮਲੇ ਲਈ ਫਲਾਈਟ ਡਿਊਟੀ ਸਮਾਂ-ਸੀਮਾਵਾਂ (ਐਫ. ਡੀ. ਟੀ. ਐਲ.) ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਨੋਟਿਸ ਅਨੁਸਾਰ ਏਅਰਲਾਈਨ ਦੀਆਂ 16 ਅਤੇ 17 ਮਈ ਦੀਆਂ ਬੈਂਗਲੁਰੂ-ਲੰਡਨ ਉਡਾਣਾਂ ਦੀ ਮੌਕੇ 'ਤੇ ਚੈਕਿੰਗ ਦੌਰਾਨ ਇਹ ਉਲੰਘਣਾਵਾਂ ਪਾਈਆਂ ਗਈਆਂ ਹਨ, ਜਿਥੇ ਐਫ. ਡੀ. ਟੀ. ਐਲ. ਵਿਚ 10-ਘੰਟੇ ਦੀ ਹੱਦ ਉਲੰਘੀ ਗਈ ਸੀ | ਡੀ.ਜੀ.ਸੀ.ਏ. ਨੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਮੌਕੇ 'ਤੇ ਕੀਤੀ ਗਈ ਜਾਂਚ ਦੌਰਾਨ ਦੇਖਿਆ ਗਿਆ ਹੈ ਕਿ ਏਅਰ ਇੰਡੀਆ ਦੇ ਅਕਾਉਂਟੇਬਲ ਮੈਨੇਜਰ ਨੇ 16 ਅਤੇ 17 ਮਈ ਨੂੰ ਬੈਂਗਲੁਰੂ ਤੋਂ ਲੰਡਨ ਲਈ ਦੋ ਉਡਾਣਾਂ ਚਲਾਈਆਂ, ਦੋਵੇਂ ਹੀ 10 ਘੰਟਿਆਂ ਦੀ ਤੈਅਸ਼ੁਦਾ ਉਡਾਣ ਸਮਾਂ-ਹੱਦ ਨੂੰ ਟੱਪ ਗਈਆਂ ਸਨ | ਰੈਗੂਲੇਟਰ ਨੇ ਨੋਟਿਸ 'ਚ ਇਹ ਵੀ ਕਿਹਾ ਕਿ ਅਕਾਉਂਟੇਬਲ ਮੈਨੇਜਰ ਵਿਵਸਥਾਵਾਂ ਅਤੇ ਪਾਲਣਾ ਜ਼ਰੂਰਤਾਂ ਦਾ ਅਮਲ ਯਕੀਨੀ ਬਣਾਉਣ ਵਿਚ ਨਾਕਾਮ ਰਿਹਾ ਹੈ | ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਨੋਟਿਸ ਦਾ ਜਵਾਬ ਸੱਤ ਦਿਨਾਂ ਅੰਦਰ ਦੇਣ ਦੀ ਹਦਾਇਤ ਕੀਤੀ ਹੈ |
ਡਿਊਟੀ ਨਿਯਮਾਂ ਦੀ ਉਲੰਘਣਾ ਲਈ ਏਅਰ ਇੰਡੀਆ ਨੂੰ ਨੋਟਿਸ
ਅਜੀਤ ਡੈਸਕ
22-06-2025