ਵਿਸ਼ਾਖਾਪਟਨਮ ਵਿਖੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਕੀਤੀ ਅਗਵਾਈ
ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 21 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੂਰੀ ਦੁਨੀਆ ਕਿਸੇ ਨਾ ਕਿਸੇ ਤਣਾਅ 'ਚੋਂ ਗੁਜ਼ਰ ਰਹੀ ਹੈ, ਜਿਸ 'ਚ ਬਹੁਤ ਸਾਰੇ ਖੇਤਰ ਅਸ਼ਾਂਤੀ ਤੇ ਅਸਥਿਰਤਾ ਦਾ ਸਾਹਮਣਾ ਕਰ ਰਹੇ ਹਨ ਤੇ ਯੋਗ ਸ਼ਾਂਤੀ ਦੀ ਦਿਸ਼ਾ ਦਿੰਦਾ ਹੈ ਤੇ ਏਕਤਾ ਲਿਆਉਂਦਾ ਹੈ | ਇਥੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਹ ਦਿਨ ਮਨੁੱਖਤਾ ਲਈ ਪ੍ਰਾਚੀਨ ਅਭਿਆਸ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜਿੱਥੇ ਅੰਦਰੂਨੀ ਸ਼ਾਂਤੀ ਇਕ ਵਿਸ਼ਵ ਵਿਆਪੀ ਨੀਤੀ ਬਣ ਜਾਂਦੀ ਹੈ | ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ, ਅੱਜ ਪੂਰੀ ਦੁਨੀਆ ਕਿਸੇ ਨਾ ਕਿਸੇ ਤਣਾਅ 'ਚੋਂ ਗੁਜ਼ਰ ਰਹੀ ਹੈ | ਬਹੁਤ ਸਾਰੇ ਖੇਤਰਾਂ 'ਚ ਅਸ਼ਾਂਤੀ ਤੇ ਅਸਥਿਰਤਾ ਵਧ ਰਹੀ ਹੈ, ਅਜਿਹੀ ਸਥਿਤੀ 'ਚ ਯੋਗ ਸਾਨੂੰ ਸ਼ਾਂਤੀ ਦੀ ਦਿਸ਼ਾ ਦਿੰਦਾ ਹੈ | ਯੋਗ ਇਕ ਵਿਰਾਮ ਬਟਨ ਹੈ, ਜਿਸ ਦੀ ਮਨੁੱਖਤਾ ਨੂੰ ਸਾਹ ਲੈਣ, ਸੰਤੁਲਨ ਬਣਾਉਣ, ਦੁਬਾਰਾ ਸੰਪੂਰਨ ਬਣਨ ਲਈ ਲੋੜ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਨੂੰ ਮੇਰੀ ਬੇਨਤੀ ਹੈ ਕਿ ਇਸ ਯੋਗ ਦਿਵਸ ਨੂੰ ਯੋਗਾ ਫਾਰ ਹਿਊਮੈਨਟੀ 2.0 ਦੀ ਸ਼ੁਰੂਆਤ ਹੋਣ ਦਿਓ, ਜਿੱਥੇ ਅੰਦਰੂਨੀ ਸ਼ਾਂਤੀ ਗਲੋਬਲ ਨੀਤੀ ਬਣ ਜਾਂਦੀ ਹੈ | ਉਨ੍ਹਾਂ ਟਿੱਪਣੀ ਕੀਤੀ ਕਿ ਯੋਗ ਦਾ ਸਾਰ ਏਕਤਾ ਕਰਨਾ ਹੈ ਤੇ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਯੋਗ ਨੇ ਦੁਨੀਆ ਨੂੰ ਕਿਵੇਂ ਇਕਜੁੱਟ ਕੀਤਾ ਹੈ | ਇਹ ਕਹਿੰਦੇ ਹੋਏ ਕਿ ਸੀਮਾਵਾਂ, ਪਿਛੋਕੜ, ਉਮਰ ਜਾਂ ਯੋਗਤਾ ਤੋਂ ਪਰੇ ਯੋਗ ਸਾਰਿਆਂ ਲਈ ਹੈ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ 'ਇਕ ਧਰਤੀ ਲਈ ਯੋਗ, ਇਕ ਸਿਹਤ' ਇਕ ਡੂੰਘੇ ਸੱਚ ਨੂੰ ਦਰਸਾਉਂਦਾ ਹੈ ਕਿ ਧਰਤੀ 'ਤੇ ਹਰ ਹਸਤੀ ਦੀ ਸਿਹਤ ਆਪਸ 'ਚ ਜੁੜੀ ਹੋਈ ਹੈ | ਇਹ ਦੇਖ ਕੇ ਮਾਣ ਮਹਿਸੂਸ ਕਰਦੇ ਹੋਏ ਕਿ ਵੱਖ-ਵੱਖ ਤੌਰ 'ਤੇ ਅਪਾਹਜ ਵਿਅਕਤੀ ਬ੍ਰੇਲ 'ਚ ਯੋਗਿਕ ਗ੍ਰੰਥ ਕਿਵੇਂ ਪੜ੍ਹ ਰਹੇ ਹਨ, ਮੋਦੀ ਨੇ ਕਿਹਾ ਕਿ ਵਿਗਿਆਨੀ ਵੀ ਪੁਲਾੜ 'ਚ ਯੋਗਾ ਦਾ ਅਭਿਆਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ 'ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਰੱਖਿਆ ਤਾਂ ਥੋੜ੍ਹੇ ਸਮੇਂ 'ਚ ਹੀ 175 ਦੇਸ਼ਾਂ ਨੇ ਇਸ ਨੂੰ ਸਵੀਕਾਰ ਕਰ ਲਿਆ | ਉਨ੍ਹਾਂ ਕਿਹਾ ਕਿ 11 ਸਾਲਾਂ ਬਾਅਦ ਯੋਗ ਹੁਣ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ | ਚਾਹੇ ਸਿਡਨੀ ਓਪੇਰਾ ਹਾਊਸ ਹੋਵੇ ਜਾਂ ਐਵਰੈਸਟ ਪਹਾੜ ਜਾਂ ਸਾਗਰ ਸੰਦੇਸ਼ ਇਹ ਹੈ ਕਿ ਯੋਗ ਸਾਰਿਆਂ ਲਈ ਹੈ |
ਤਣਾਅ 'ਚੋਂ ਗੁਜ਼ਰ ਰਹੀ ਦੁਨੀਆ ਨੂੰ ਸ਼ਾਂਤੀ ਦੀ ਦਿਸ਼ਾ ਦਿੰਦਾ ਹੈ ਯੋਗ-ਮੋਦੀ <br/>
ਅਜੀਤ ਡੈਸਕ
22-06-2025