ਨਵੀਂ ਦਿੱਲੀ, 21 ਜੂਨ (ਜਗਤਾਰ ਸਿੰਘ)-ਕਾਂਗਰਸੀ ਸੰਸਦ ਮੈਂਬਰ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮੇਕ ਇਨ ਇੰਡੀਆ' ਯੋਜਨਾ ਦੀ ਤਿੱਖੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਯੋਜਨਾ ਅਸਫਲ ਹੋ ਗਈ ਹੈ ¢ ਉਨ੍ਹਾਂ ਕਿਹਾ ਕਿ 2014 ਵਿਚ ਵੱਡੇ ਵਾਅਦਿਆਂ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਕਾਰਨ ਨਾ ਤਾਂ ਦੇਸ਼ ਵਿਚ ਫ਼ੈਕਟਰੀਆਂ ਦਾ ਹੜ੍ਹ ਆਇਆ ਅਤੇ ਨਾ ਹੀ ਇਸ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ¢ ਇਸ ਦੇ ਉਲਟ ਦੇਸ਼ ਦੀ ਨਿਰਮਾਣ ਸਮਰੱਥਾ ਘਟ ਕੇ ਹੁਣ ਸਿਰਫ਼ 14 ਫ਼ੀਸਦੀ ਰਹਿ ਗਈ ਹੈ ਅਤੇ ਬੇਰੁਜ਼ਗਾਰੀ ਰਿਕਾਰਡ ਪੱਧਰ 'ਤੇ ਹੈ ¢ ਉਨ੍ਹਾਂ ਕਿਹਾ ਕਿ ਮੋਦੀ ਨੂੰ ਨਾਅਰੇ ਦੇਣ 'ਚ ਮੁਹਾਰਤ ਹੈ, ਪਰ ਚੁਣੌਤੀਆਂ ਦਾ ਹੱਲ ਕੱਢਣ 'ਚ ਉਹ ਨਾਕਾਮ ਹਨ ¢ ਰਾਹੁਲ ਨੇ 'ਐਕਸ' 'ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ 'ਮੇਕ ਇਨ ਇੰਡੀਆ ਨੇ ਫ਼ੈਕਟਰੀ ਬੂਮ ਦਾ ਵਾਅਦਾ ਕੀਤਾ ਸੀ, ਫਿਰ ਨਿਰਮਾਣ ਰਿਕਾਰਡ ਹੇਠਲੇ ਪੱਧਰ 'ਤੇ ਕਿਉਂ ਹੈ? ਬੇਰੁਜ਼ਗਾਰੀ ਕਿਉਂ ਵਧ ਰਹੀ ਹੈ? ਅਤੇ ਚੀਨ ਤੋਂ ਦਰਾਮਦ ਦੁੱਗਣੀ ਕਿਉਂ ਹੋ ਗਈ ਹੈ? ਸਰਕਾਰ ਦੀ ਉਦਯੋਗਿਕ ਨੀਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਹੁਣ ਕੋਈ ਨਵਾਂ ਵਿਚਾਰ ਨਹੀਂ ਹੈ ¢