ਪਠਾਨਕੋਟ, 20 ਸਤੰਬਰ (ਵਿਨੋਦ)-ਪਿਛਲੇ ਦਿਨੀਂ ਹੜ੍ਹਾਂ ਦੌਰਾਨ ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟ ਗਏ ਸਨ, ਜਿਸ ਦੇ ਚਲਦੇ ਹੜ੍ਹਾਂ ਨੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮਿ੍ਤਸਰ ਜ਼ਿਲ੍ਹੇ ਵਿਚ ਭਾਰੀ ਤਬਾਹੀ ਮਚਾਈ ਸੀ | ਜਦੋਂ ਕਿ ਹੈੱਡ ਵਰਕਸ ਦੇ ਗੇਟ ਟੁੱਟਣ ਵੇਲੇ ਇਕ ਮੁਲਾਜ਼ਮ ਦੀ ਜਾਨ ਵੀ ਚਲੀ ਗਈ ਸੀ, ਜਿਸ ਨੂੰ ਦੇਖਦੇ ਹੋਏ ਸਿੰਚਾਈ ਵਿਭਾਗ ਵਲੋਂ ਐਕਸੀਅਨ ਨਿਤਿਨ ਸੂਦ, ਐਸ.ਡੀ.ਓ. ਅਰੁਣ ਕੁਮਾਰ ਤੇ ਜੇ.ਈ. ਸਚਿਨ ਠਾਕੁਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਦੀ ਟੀਮ ਵਲੋਂ ਵੀ ਹੱੈਡ ਵਰਕਸ ਦਾ ਦੌਰਾ ਕੀਤਾ ਗਿਆ ਸੀ | ਜਾਣਕਾਰੀ ਅਨੁਸਾਰ 25 ਅਗਸਤ ਤੋਂ 28 ਅਗਸਤ ਤੱਕ ਰਣਜੀਤ ਸਾਗਰ ਡੈਮ ਤੋਂ ਭਾਰੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਸੀ | ਪਰ ਰਾਵੀ ਦਰਿਆ 'ਤੇ ਬਣੇ ਮਾਧੋਪੁਰ ਹੈੱਡ ਵਰਕਸ ਦੇ ਗੇਟ ਨਹੀਂ ਖੁੱਲੇ੍ਹ | ਜਿਸ ਕਾਰਨ ਹਾਈਡਲ ਯੂ.ਬੀ.ਡੀ.ਸੀ. ਨਹਿਰਾਂ ਓਵਰਫ਼ਲੋ ਹੋ ਗਈਆਂ ਸਨ | ਜਿਸ ਦੇ ਚੱਲਦੇ ਪਠਾਨਕੋਟ ਜ਼ਿਲ੍ਹਾ ਹੜ੍ਹਾਂ ਦੀ ਲਪੇਟ ਵਿਚ ਆ ਗਿਆ ਸੀ ਅਤੇ ਲੋਕਾਂ ਦਾ ਜਾਨੀ, ਮਾਲੀ ਨੁਕਸਾਨ ਹੋਇਆ | ਇਸ ਦੌਰਾਨ ਗੇਟ ਖੋਲ੍ਹਦੇ ਸਮੇਂ ਤਿੰਨ ਗੇਟ ਟੁੱਟ ਗਏ ਅਤੇ ਇਕ ਮੁਲਾਜ਼ਮ ਦੀ ਜਾਨ ਚਲੀ ਗਈ | ਦੂਜੇ ਪਾਸੇ ਭਾਰੀ ਮਾਤਰਾ ਵਿਚ ਪਾਣੀ ਰਾਵੀ ਦਰਿਆ 'ਚ ਚਲਾ ਗਿਆ, ਜਿਸ ਨਾਲ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ ਵਿਚ ਭਾਰੀ ਤਬਾਹੀ ਹੋਈ | ਅੱਜ ਸਿੰਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਕਾਰਵਾਈ ਕਰਦੇ ਹੋਏ ਮਾਧੋਪੁਰ ਹੈੱਡ ਵਰਕਸ ਨਾਲ ਸੰਬੰਧਿਤ ਤਿੰਨ ਅਧਿਕਾਰੀ ਮੁਅੱਤਲ ਕਰ ਦਿੱਤੇ ਗਏ | ਸੂਤਰਾਂ ਦੀ ਮੰਨੀਏ ਤਾਂ ਵਿਭਾਗ ਵਲੋਂ ਹੋਰ ਵੀ ਅਧਿਕਾਰੀਆਂ 'ਤੇ ਇਸ ਦੀ ਗਾਜ਼ ਡਿੱਗ ਸਕਦੀ ਹੈ, ਕਿਉਂਕਿ ਕਈ ਹੋਰ ਅਧਿਕਾਰੀ ਵੀ ਲੰਬੇ ਸਮੇਂ ਤੋਂ ਹੈੱਡ ਵਰਕਸ ਨਾਲ ਜੁੜੇ ਰਹੇ ਹਨ, ਜੋ ਕਿ ਜਾਂਚ ਦਾ ਵਿਸ਼ਾ ਹੋ ਸਕਦੇ ਹਨ | ਪਠਾਨਕੋਟ ਦੇ ਲੋਕਾਂ ਵਲੋਂ ਵਾਰ-ਵਾਰ ਇਸ ਹੜ੍ਹ ਦੌਰਾਨ ਜ਼ਿੰਮੇਵਾਰ ਮਾਧੋਪੁਰ ਹੈੱਡ ਵਰਕਸ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ |