ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ 'ਚ ਬਣੀ ਤਣਾਅ ਵਾਲੀ ਸਥਿਤੀ 'ਚ ਕੋਈ ਸੁਧਾਰ ਨਾ ਹੋਣ ਕਰਕੇ ਪਾਕਿ ਨੇ ਭਾਰਤੀ ਜਹਾਜ਼ਾਂ ਲਈ ਬੰਦ ਕੀਤੇ ਆਪਣੇ ਹਵਾਈ ਖੇਤਰ ਦੀ ਸਮਾਂ-ਹੱਦ ਇਕ ਹੋਰ ਮਹੀਨੇ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਚਲਦਿਆਂ ਹੁਣ 23 ਨਵੰਬਰ ਤੱਕ ਭਾਰਤੀ ਉਡਾਣਾਂ ਲਈ ਪਾਕਿ ਦਾ ਹਵਾਈ ਖੇਤਰ ਬੰਦ ਰਹੇਗਾ | ਦੱਸਣਯੋਗ ਹੈ ਕਿ ਪਾਕਿ ਨੇ ਪਹਿਲਾਂ 24 ਅਪ੍ਰੈਲ ਤੋਂ ਇਕ ਮਹੀਨੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਸਮਾਂ-ਹੱਦ ਹਰ ਮਹੀਨੇ ਵਧਾਈ ਜਾ ਰਹੀ ਹੈ | ਪਾਕਿ ਏਵੀਏਸ਼ਨ ਡਿਵੀਜ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ ਇਸ ਪਾਬੰਦੀ ਦਾ ਉਦੇਸ਼ ਪਾਕਿ ਦੇ ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਪਾਬੰਦੀ ਸਿਰਫ਼ ਭਾਰਤੀ ਜਹਾਜ਼ਾਂ 'ਤੇ ਲਾਗੂ ਹੋਵੇਗੀ | ਜਦੋਂਕਿ ਪਾਕਿ ਦਾ ਹਵਾਈ ਖੇਤਰ ਹੋਰ ਸਾਰੀਆਂ ਕੌਮਾਂਤਰੀ ਉਡਾਣਾਂ ਲਈ ਖੁੱਲ੍ਹਾ ਰਹੇਗਾ |