13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਫ਼ਗਾਨ ਵਿਦੇਸ਼ ਮੰਤਰੀ ਮੁੱਤਾਕੀ ਦੀ ਭਾਰਤ ਫੇਰੀ ਇਕ ਵੱਡੀ ਕੂਟਨੀਤਕ ਜਿੱਤ-ਸੁਹੇਲ ਸ਼ਾਹੀਨ

ਅਜੀਤ ਡੈਸਕ 17-10-2025

ਕਾਬੁਲ-ਨਵੀਂ ਦਿੱਲੀ ਸੰਬੰਧਾਂ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨ ਤਾਲਿਬਾਨ ਨੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁੱਤਾਕੀ ਦੀ ਭਾਰਤ ਫੇਰੀ ਨੂੰ ਇਕ ਵੱਡੀ ਕੂਟਨੀਤਕ ਜਿੱਤ ਦੱਸਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਦੇ ਵਫ਼ਦ ਦੀ ਭਾਰਤ ਫੇਰੀ ਦੀ ਸਫ਼ਲਤਾ ਤੋਂ ਚਿੜੇ ਪਾਕਿ ਵਲੋਂ ਅਫ਼ਗਾਨਿਸਤਾਨ 'ਤੇ ਇਹ ਤਾਜ਼ਾ ਹਵਾਈ ਹਮਲੇ ਕੀਤੇ ਗਏ ਹਨ | ਅਫ਼ਗਾਨ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਅਫ਼ਗਾਨਿਸਤਾਨ ਵਿਰੁੱਧ ਪਾਕਿ ਦੀਆਂ ਫ਼ੌਜੀ ਕਾਰਵਾਈਆਂ, ਖ਼ਾਸ ਕਰਕੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਪਾਕਿ 'ਤੇ ਆਮ ਨਾਗਰਿਕਾਂ ਅਤੇ ਅਫ਼ਗਾਨ ਸ਼ਰਨਾਰਥੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ | ਸ਼ਾਹੀਨ ਨੇ ਵਿਦੇਸ਼ ਮੰਤਰੀ ਮੁੱਤਾਕੀ ਦੀ ਭਾਰਤ ਫੇਰੀ ਨੂੰ ਇਕ ਵੱਡੀ ਸਫਲਤਾ ਅਤੇ ਕਾਬੁਲ-ਨਵੀਂ ਦਿੱਲੀ ਸੰਬੰਧਾਂ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ | ਸ਼ਾਹੀਨ ਨੇ ਪਾਕਿ 'ਤੇ ਯੁੱਧ ਸ਼ੁਰੂ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਾਕਿ ਨੇ ਪੂਰਬੀ ਅਫ਼ਗਾਨਿਸਤਾਨ 'ਚ ਪਹਿਲਾ ਹਮਲਾ ਕੀਤਾ ਅਤੇ ਇਹ ਵੀ ਦਾਅਵਾ ਕੀਤਾ ਕਿ ਤਾਲਿਬਾਨ ਫ਼ੌਜਾਂ ਨੇ ਸਿਰਫ਼ ਪਾਕਿਸਤਾਨੀ ਫ਼ੌਜੀ ਟਿਕਾਣਿਆਂ ਅਤੇ ਉਨ੍ਹਾਂ ਦੀਆਂ ਚੌਕੀਆਂ ਨੂੰ ਹੀ ਨਿਸ਼ਾਨਾ ਬਣਾਇਆ | ਤਾਲਿਬਾਨ ਲੜਾਕਿਆਂ ਨੂੰ ਨਾਗਰਿਕਾਂ ਤੋਂ ਦੂਰ ਰਹਿਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿ ਦੇ ਫ਼ੌਜੀ ਹਮਲੇ ਅਤੇ ਸ਼ਰਨਾਰਥੀਆਂ ਦੀ ਵਾਪਸੀ ਕਾਬੁਲ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ, ਪਰ ਅਫ਼ਗ਼ਾਨ ਲੋਕ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ | ਸ਼ਾਹੀਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਹਮਲੇ ਉਸ ਸਮੇਂ ਕੀਤੇ ਗਏ ਜਦੋਂ ਵਿਦੇਸ਼ ਮੰਤਰੀ ਮੁੱਤਾਕੀ ਦਿੱਲੀ 'ਚ ਸਨ, ਜੋ ਦਰਸਾਉਂਦਾ ਹੈ ਕਿ ਪਾਕਿ ਕੂਟਨੀਤੀ 'ਚ ਵਿਸ਼ਵਾਸ ਨਹੀਂ ਰੱਖਦਾ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਫ਼ਗਾਨਿਸਤਾਨ ਇਕ ਆਜ਼ਾਦ ਮੁਲਕ ਹੈ, ਜੋ ਕਿਸੇ ਹੋਰ ਦੇਸ਼ ਦੇ ਹੁਕਮਾਂ 'ਤੇ ਕੂਟਨੀਤੀ ਅਤੇ ਵਪਾਰ ਨਹੀਂ ਕਰੇਗਾ | ਉਨ੍ਹਾਂ ਨੇ ਪਾਕਿ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ 'ਚ ਅਫ਼ਗਾਨਿਸਤਾਨ 'ਤੇ ਹਮਲੇ ਹੋਏ ਤਾਂ ਇਸ ਦਾ ਜਵਾਬ ਭਿਅੰਕਰ ਹਮਲਿਆਂ ਨਾਲ ਦਿੱਤਾ ਜਾਵੇਗਾ | ਦੂਜੇ ਪਾਸੇ, ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਦਾਅਵਾ ਕੀਤਾ ਕਿ ਤਾਲਿਬਾਨ ਦੇ ਫ਼ੈਸਲੇ ਦਿੱਲੀ 'ਚ ਲਏ ਜਾ ਰਹੇ ਹਨ | ਉਨ੍ਹਾਂ ਨੇ ਅਫ਼ਗਾਨਿਸਤਾਨ 'ਤੇ ਭਾਰਤ ਲਈ ਪ੍ਰੌਕਸੀ ਯੁੱਧ ਲੜਨ ਦਾ ਦੋਸ਼ ਲਗਾਇਆ | ਤਾਲਿਬਾਨ ਨਾਲ ਜੰਗਬੰਦੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਇਹ ਜੰਗਬੰਦੀ ਨਹੀਂ ਚੱਲ ਸਕੇਗੀ, ਕਿਉਂਕਿ ਅਫ਼ਗਾਨ ਤਾਲਿਬਾਨ ਨੂੰ ਦਿੱਲੀ ਤੋਂ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਾਕਿ ਨੂੰ ਭੜਕਾਇਆ ਗਿਆ ਤਾਂ ਫ਼ੌਜੀ ਕਾਰਵਾਈ ਕੀਤੀ ਜਾਵੇਗੀ | ਆਸਿਫ਼ ਨੇ ਕਿਹਾ ਕਿ ਜੇਕਰ ਤਾਲਿਬਾਨ ਜੰਗ ਨੂੰ ਵਧਾਉਂਦੇ ਹਨ, ਤਾਂ ਅਸੀਂ ਹਮਲਾ ਕਰਾਂਗੇ, ਪਰ ਅਸੀਂ ਗੱਲਬਾਤ ਲਈ ਵੀ ਤਿਆਰ ਹਾਂ | ਪਾਕਿਸਤਾਨੀ ਮੰਤਰੀ ਨੇ ਤਾਲਿਬਾਨ ਲੜਾਕਿਆਂ ਦੇ ਟੈਂਕ ਲੁੱਟਣ ਦੀਆਂ ਰਿਪੋਰਟਾਂ ਨੂੰ ਇਕ ਅਫ਼ਵਾਹ ਵਜੋਂ ਖ਼ਾਰਜ ਕਰ ਦਿੱਤਾ | ਹਾਲਾਂਕਿ, ਦੋਵਾਂ ਮੁਲਕਾਂ ਦੀਆਂ ਝੜਪਾਂ ਤੋਂ ਬਾਅਦ ਪਾਕਿਸਤਾਨੀ ਫ਼ੌਜ ਤੋਂ ਖੋਹੇ ਟੈਂਕ ਅਫ਼ਗਾਨਿਸਤਾਨ ਦੀਆਂ ਸੜਕਾਂ 'ਤੇ ਦੌੜਦੇ ਵਿਖਾਈ ਦਿੱਤੇ |

ਪਿਛਲੀ ਖ਼ਬਰ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਲੈਂਦਿਆਂ ਸੀ.ਬੀ.ਆਈ. ਵਲੋਂ ਗਿ੍ਫ਼ਤਾਰ ਅਗਲੀ ਖ਼ਬਰ ਪਾਕਿ ਨੇ ਭਾਰਤ ਲਈ ਹਵਾਈ ਖੇਤਰ 'ਤੇ ਪਾਬੰਦੀ 23 ਨਵੰਬਰ ਤੱਕ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।