5 ਕਰੋੜ ਦੀ ਨਕਦੀ, ਡੇਢ ਕਿੱਲੋ ਗਹਿਣੇ, ਲਗਜ਼ਰੀ ਘੜੀਆਂ ਤੇ ਕਾਰਾਂ ਬਰਾਮਦ
ਕਪਿਲ ਵਧਵਾ
ਚੰਡੀਗੜ੍ਹ, 16 ਅਕਤੂਬਰ-ਵੀਰਵਾਰ ਨੂੰ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਿਚ ਰੂਪਨਗਰ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ.ਬੀ.ਆਈ.) ਨੇ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਡੀ. ਆਈ. ਜੀ. ਭੁੱਲਰ ਨੇ ਇਹ ਰਿਸ਼ਵਤ ਮੰਡੀ ਗੋਬਿੰਦਗੜ੍ਹ ਦੇ ਇਕ ਸਕ੍ਰੈਪ ਕਾਰੋਬਾਰੀ ਤੋਂ ਮੰਗੀ ਸੀ | ਕਾਰੋਬਾਰੀ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਜਾਲ ਵਿਛਾ ਕੇ ਡੀ. ਆਈ. ਜੀ. ਭੁੱਲਰ ਨੂੰ ਮੁਹਾਲੀ ਸਥਿਤ ਦਫ਼ਤਰ 'ਚੋਂ ਗਿ੍ਫ਼ਤਾਰ ਕੀਤਾ | ਸੂਤਰਾਂ ਮੁਤਾਬਿਕ ਡੀ. ਆਈ. ਜੀ. ਨੇ ਸ਼ਿਕਾਇਤਕਰਤਾ ਕਾਰੋਬਾਰੀ ਦੇ ਗ਼ੈਰ-ਕਾਨੰੂਨੀ ਸਕ੍ਰੈਪ ਕਾਰੋਬਾਰ ਨੂੰ ਜਾਰੀ ਰੱਖਣ ਦੇ ਬਦਲੇ ਮਹੀਨਾਵਾਰ ਰਿਸ਼ਵਤ ਮੰਗੀ ਸੀ | ਪਹਿਲਾਂ 2 ਲੱਖ ਦੀ ਮੰਗ ਕੀਤੀ ਗਈ ਸੀ ਪਰ ਬਾਅਦ ਵਿਚ ਇਹ ਰਕਮ ਵਧਾ ਕੇ 5 ਲੱਖ ਕਰ ਦਿੱਤੀ ਗਈ | ਸ਼ਿਕਾਇਤ ਮਿਲਣ ਉਪਰੰਤ ਸੀ. ਬੀ. ਆਈ. ਨੇ ਖ਼ੁਫ਼ੀਆ ਟੀਮ ਬਣਾਈ ਤੇ ਨਿਗਰਾਨੀ ਕੀਤੀ | ਯੋਜਨਾ ਅਨੁਸਾਰ ਕਾਰੋਬਾਰੀ ਜਦੋਂ ਪੈਸੇ ਦੇਣ ਮੁਹਾਲੀ ਦਫ਼ਤਰ ਪਹੁੰਚਿਆ ਤਾਂ ਡੀ. ਆਈ. ਜੀ. ਭੁੱਲਰ ਨੂੰ ਫੜਾਉਂਦਿਆਂ ਹੀ ਸੀ. ਬੀ. ਆਈ. ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ | ਗਿ੍ਫ਼ਤਾਰੀ ਤੋਂ ਬਾਅਦ ਸੀ. ਬੀ. ਆਈ. ਟੀਮ ਨੇ ਭੁੱਲਰ ਦੇ ਚੰਡੀਗੜ੍ਹ ਸੈਕਟਰ-40 ਸਥਿਤ ਘਰ ਅਤੇ ਸਮਰਾਲੇ ਸਥਿਤ ਫਾਰਮ ਸਮੇਤ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਜਾਂਚ ਜਾਰੀ ਹੈ | ਉਮੀਦ ਹੈ ਕਿ ਭੁੱਲਰ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਸੂਤਰਾਂ ਅਨੁਸਾਰ ਸ਼ੁਰੂਆਤੀ ਪੁੱਛਗਿੱਛ ਦੌਰਾਨ ਡੀ. ਆਈ. ਜੀ. ਨੇ ਰਿਸ਼ਵਤ ਲੈਣ ਦੀ ਗੱਲ ਕਬੂਲ ਕਰ ਲਈ ਹੈ | ਉਨ੍ਹਾਂ ਖ਼ਿਲਾਫ਼ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7 (ਏ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਚੰਡੀਗੜ੍ਹ ਵਿਚਲੀ ਰਿਹਾਇਸ਼ ਵਿਖੇ ਛਾਪੇ ਦੌਰਾਨ ਡੀ. ਆਈ. ਜੀ. ਦੇ ਘਰ ਬਾਹਰ ਦਿੱਲੀ ਨੰਬਰ ਦੀ ਕਾਰ 'ਚ ਸੀ.ਬੀ.ਆਈ. ਅਧਿਕਾਰੀ ਆਏ | ਜਦੋਂ ਉਨ੍ਹਾਂ ਨੇ ਗੇਟ ਖੜਕਾਇਆ ਤਾਂ ਅੰਦਰੋਂ ਡੀ.ਆਈ.ਜੀ. ਦੇ ਪੀ.ਐਸ.ਓ. ਬਾਹਰ ਆਇਆ ਤੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ | ਦੋਵਾਂ ਵਿਚ ਤਕਰਾਰ ਹੋਈ | ਇਸ ਤੋਂ ਬਾਅਦ ਵੀ ਪੀ.ਐਸ.ਓ. ਨੇ ਰੋਕਿਆ, ਪਰ ਅਧਿਕਾਰੀ ਜ਼ਬਰਦਸਤੀ ਅੰਦਰ ਚਲਾ ਗਿਆ ਜਿੱਥੇ ਪਹਿਲਾਂ ਹੀ ਸੀ. ਬੀ. ਆਈ. ਦੀ ਟੀਮ ਮੌਜੂਦ ਸੀ | ਸੂਤਰਾਂ ਅਨੁਸਾਰ ਸੀ.ਬੀ.ਆਈ. ਟੀਮ ਪੂਰੀ ਤਿਆਰੀ ਨਾਲ ਛਾਪੇਮਾਰੀ ਵਾਰੰਟ ਜਾਰੀ ਕਰਵਾ ਕੇ ਹੀ ਘਰ ਵਿਖੇ ਪਹੁੰਚੀ ਸੀ | ਦੱਸਣਯੋਗ ਹੈ ਕਿ ਗਿ੍ਫ਼ਤਾਰ ਕੀਤੇ ਗਏ ਸੀਨੀਅਰ ਪੁਲਿਸ ਅਧਿਕਾਰੀ ਹਰਚਰਨ ਸਿੰਘ ਭੁੱਲਰ 2007 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ | 27 ਨਵੰਬਰ 2024 ਨੂੰ ਉਨ੍ਹਾਂ ਨੂੰ ਰੂਪਨਗਰ ਰੇਂਜ ਦਾ ਡੀ.ਆਈ.ਜੀ. ਲਗਾਇਆ ਗਿਆ ਸੀ | ਇਸ ਤੋਂ ਪਹਿਲਾਂ ਉਹ ਕਈ ਜ਼ਿਲਿ੍ਹਆਂ ਵਿਚ ਐਸ.ਐਸ.ਪੀ. ਵਜੋਂ ਸੇਵਾ ਨਿਭਾਅ ਚੁੱਕੇ ਹਨ | ਉਨ੍ਹਾਂ ਦੀ ਸੇਵਾ ਮੁਕਤੀ ਨੂੰ ਵੀ ਕੁਝ ਹੀ ਮਹੀਨੇ ਰਹਿ ਗਏ ਸਨ | ਅਜਿਹੇ ਵਿਚ ਇਹ ਮਾਮਲਾ ਸਾਹਮਣੇ ਆਉਣ 'ਤੇ ਉਨ੍ਹਾਂ ਦੇ ਕਰੀਅਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ | ਰੂਪਨਗਰ ਵਿਚ ਤਾਇਨਾਤੀ ਦੌਰਾਨ ਕਈ ਵਾਰ ਗੈਰ-ਕਾਨੂੰਨੀ ਕਾਰ ਸਕ੍ਰੈਪ ਕਾਰੋਬਾਰ ਤੇ ਚੈਸੀ ਨੰਬਰ ਬਦਲ ਕੇ ਵਾਹਨ ਵੇਚਣ ਦੇ ਮਾਮਲੇ ਸਾਹਮਣੇ ਆਏ ਸਨ | ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਮਾਮਲਿਆਂ ਨੂੰ ਦਬਾਉਣ ਲਈ ਡੀ. ਆਈ. ਜੀ. ਭੁੱਲਰ ਵਲੋਂ ਪਹਿਲਾਂ ਵੀ ਰਿਸ਼ਵਤ ਲਈ ਜਾ ਚੁੱਕੀ ਹੈ | ਗਿ੍ਫ਼ਤਾਰੀ ਦੀ ਖ਼ਬਰ ਮਿਲਣ ਉਪਰੰਤ ਉਸ ਦੇ ਰਿਸ਼ਤੇਦਾਰ ਵੀ ਸੈਕਟਰ 40 ਸਥਿਤ ਘਰ 'ਤੇ ਪਹੁੰਚੇ, ਪਰ ਸੀ.ਬੀ.ਆਈ. ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਨਾ ਦਿੱਤੀ | ਰਿਸ਼ਤੇਦਾਰਾਂ ਨੇ ਕਿਹਾ ਕਿ ਦੁੱਖ ਦੇ ਸਮੇਂ ਪਰਿਵਾਰ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ, ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ | ਸੀ. ਬੀ. ਆਈ. ਹੁਣ ਭੁੱਲਰ ਦੀ ਜਾਇਦਾਦ ਅਤੇ ਪੁਰਾਣੇ ਮਾਮਲਿਆਂ ਦੀ ਜਾਂਚ ਹੋਰ ਡੂੰਘਾਈ ਨਾਲ ਕਰ ਰਹੀ ਹੈ | ਰਾਤ ਤੱਕ ਸੀ. ਬੀ. ਆਈ. ਦੇ ਅਧਿਕਾਰੀ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਨੂੰ ਲੈ ਕੇ ਡੀ. ਆਈ. ਜੀ. ਭੁੱਲਰ ਦੀ ਰਿਹਾਇਸ਼ ਵਿਖੇ ਮੌਜੂਦ ਹਨ | ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਕਰੋੜਾਂ ਰੁਪਏ ਦੀ ਬੇਹਿਸਾਬੀ ਰਾਸ਼ੀ ਸੀਨੀਅਰ ਪੁਲਿਸ ਅਧਿਕਾਰੀ ਦੇ ਘਰੋਂ ਬਰਾਮਦ ਹੋਈ ਹੈ | ਖ਼ਬਰ ਲਿਖੇ ਜਾਣ ਤੱਕ ਛਾਪੇਮਾਰੀ ਜਾਰੀ ਸੀ | ਰੂਪਨਗਰ ਰੇਂਜ ਦੇ ਡੀ.ਆਈ.ਜੀ. ਦੀ ਗਿ੍ਫ਼ਤਾਰੀ ਨਾਲ ਉਨ੍ਹਾਂ ਦੀ ਕੁਰਸੀ 'ਤੇ ਦਾਅਵੇਦਾਰੀ ਠੋਕਣ ਵਾਲੇ ਆਪਣੀ ਨਿਯੁਕਤੀ ਲਈ ਦਾਅ ਪੇਚ ਲਗਾ ਰਹੇ ਹਨ | ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੇ ਤੌਰ 'ਤੇ ਅਤੇ ਪੰਜਾਬ ਬਾਲੀਵਾਲ ਐਸੋਸੀਏਸ਼ਨ ਸਮੇਤ ਕਈ ਸਮਾਜਿਕ ਸੰਸਥਾਵਾਂ 'ਚ ਸਰਗਰਮ ਸ਼ਮੂਲੀਅਤ ਰਹੀ ਹੈ |
ਸੀ.ਬੀ.ਆਈ. ਵਲੋਂ ਕੇਸ ਦਰਜ
ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ. ਬੀ. ਆਈ.) ਦੀ ਐਂਟੀ ਕਰਪਸ਼ਨ ਬ੍ਰਾਂਚ, ਚੰਡੀਗੜ੍ਹ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਰਿਸ਼ਵਤ ਮੰਗਣ ਤੇ ਅਣਉੱਚਿਤ ਲਾਭ ਲੈਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ | ਮਾਮਲਾ ਬੀ. ਐਨ. ਐਸ. ਦੀ ਧਾਰਾ 61(2) ਤੇ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ 7 ਤੇ 7 (ਏ) ਹੇਠ ਦਰਜ ਕੀਤਾ ਗਿਆ ਹੈ | ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਆਕਾਸ਼ ਬੱਤਾ ਨੇ ਲਿਖਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਡੀ.ਆਈ.ਜੀ. ਭੁੱਲਰ ਨੇ ਆਪਣੇ ਵਿਚੋਲੇ ਕਿ੍ਸ਼ਨੂ ਰਾਹੀਂ ਉਸ ਤੋਂ 8 ਲੱਖ ਦੀ ਗੈਰ-ਕਾਨੂੰਨੀ ਰਕਮ ਮੰਗੀ ਸੀ | ਇਹ ਰਿਸ਼ਵਤ ਉਸ ਖ਼ਿਲਾਫ਼ ਦਰਜ ਐਫ.ਆਈ.ਆਰ. ਨੰਬਰ 155/2023 (ਥਾਣਾ ਸਰਹਿੰਦ) ਨੂੰ ਸੈਟਲ ਕਰਨ ਅਤੇ ਉਸ ਦੇ ਸਕ੍ਰੈਪ ਕਾਰੋਬਾਰ 'ਚ ਪੁਲਿਸ ਦੇ ਦਖ਼ਲ ਤੋਂ ਬਚਾਉਣ ਲਈ ਮੰਗੀ ਗਈ ਸੀ | ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਡੀ.ਆਈ.ਜੀ. ਭੁੱਲਰ ਵਲੋਂ 'ਸੇਵਾ-ਪਾਣੀ' ਦੇ ਨਾਂਅ 'ਤੇ ਮਹੀਨਾਵਾਰ ਰਕਮ ਮੰਗੀ ਜਾਂਦੀ ਸੀ ਅਤੇ ਨਾ ਦੇਣ ਦੀ ਸੂਰਤ ਵਿਚ ਉਸ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਧਮਕੀ ਦਿੱਤੀ ਜਾਂਦੀ ਸੀ | ਸੀ.ਬੀ.ਆਈ. ਵਲੋਂ ਕੀਤੀ ਸ਼ੁਰੂਆਤੀ ਜਾਂਚ ਦੌਰਾਨ ਸ਼ਿਕਾਇਤ ਸਹੀ ਪਾਈ ਗਈ | 11 ਅਕਤੂਬਰ ਨੂੰ ਸੈਕਟਰ 9-ਡੀ ਮਾਰਕੀਟ ਚੰਡੀਗੜ੍ਹ 'ਚ ਰਿਕਾਰਡ ਕੀਤੀ ਵੱਟਸਐਪ ਕਾਲ ਵਿਚ ਡੀ.ਆਈ.ਜੀ. ਭੁੱਲਰ ਨੂੰ ਕਹਿੰਦੇ ਸੁਣਿਆ ਗਿਆ
- '8 ਫੜਨੇ ਨੇ 8,
- ਜਿਸ ਦਾ ਮਤਲਬ ਸੀ 8 ਲੱਖ ਦੀ ਰਿਸ਼ਵਤ ਦੀ ਡੀਲ |
ਵਿਚੋਲੇ ਕਿ੍ਸ਼ਨੂ ਨੇ ਸ਼ਿਕਾਇਤਕਰਤਾ ਨੂੰ ਕਿਹਾ-
-'ਇਹਦਾ ਕਹਿਣਾ ਪਤਾ ਕੀ ਹੈ... ਕਹਿਣਾ ਹੈ ਅਗਸਤ ਦਾ ਨਹੀਂ ਆਇਆ, ਸਤੰਬਰ ਦਾ ਨਹੀਂ ਆਇਆ,
-ਜੋ ਇਹ ਦਰਸਾਉਂਦਾ ਹੈ ਕਿ ਮਹੀਨਾਵਾਰ ਰਿਸ਼ਵਤ ਦਾ ਸਿਲਸਿਲਾ ਚੱਲ ਰਿਹਾ ਸੀ |
ਸੀ. ਬੀ. ਆਈ. ਵਲੋਂ ਮੋਬਾਈਲ ਨੰਬਰ ਦੀ ਵੀ ਜਾਂਚ ਕੀਤੀ ਗਈ, ਜੋ ਡੀ.ਆਈ.ਜੀ. ਭੁੱਲਰ ਦੇ ਨਾਂਅ 'ਤੇ ਦਰਜ ਮਿਲਿਆ |
ਸੀ. ਬੀ. ਆਈ. ਨੇ ਪਤਾ ਲਗਾਇਆ ਕਿ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੇ ਆਪਣੇ ਸਾਥੀ ਕਿ੍ਸ਼ਨੂ ਰਾਹੀਂ ਸ਼ਿਕਾਇਤਕਰਤਾ ਤੋਂ 8 ਲੱਖ ਦੀ ਰਿਸ਼ਵਤ ਲੈਣ 'ਤੇ ਸਹਿਮਤੀ ਦਿੱਤੀ ਸੀ | ਇਸ ਤੋਂ ਬਾਅਦ ਸੀ. ਬੀ. ਆਈ. ਨੇ ਨਿਯਮਿਤ ਕੇਸ ਦਰਜ ਕਰਕੇ ਜਾਂਚ ਦੀ ਜ਼ਿੰਮੇਵਾਰੀ ਇੰਸਪੈਕਟਰ ਸੋਨਲ ਮਿਸ਼ਰਾ ਨੂੰ ਸੌਂਪ ਦਿੱਤੀ |
ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਲੈਂਦਿਆਂ ਸੀ.ਬੀ.ਆਈ. ਵਲੋਂ ਗਿ੍ਫ਼ਤਾਰ
ਅਜੀਤ ਡੈਸਕ
17-10-2025