ਹੁਸ਼ਿਆਰਪੁਰ, 31 ਅਗਸਤ (ਬਲਜਿੰਦਰਪਾਲ ਸਿੰਘ)-ਗੁਰੂ ਨਾਨਕ ਵੈਲਫੇਅਰ ਸੁਸਾਇਟੀ ਗੇਰਾ ਵਲੋਂ ਪ੍ਰਧਾਨ ਕ੍ਰਿਪਾਲ ਸਿੰਘ ਗੇਰਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਪੰਜਾਬ ਨੂੰ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ | ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਦੀ ਗੈਰ ਮੌਜੂਦਗੀ 'ਚ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਪ੍ਰਾਪਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਲਖਵਿੰਦਰ ਸਿੰਘ ਟਿੰਮੀ ਵੀ ਹਾਜ਼ਰ ਸਨ | ਇਸ ਮੌਕੇ'ਤੇ ਉਨ੍ਹਾਂ ਕਿਹਾ ਕਿ 2023 'ਚ ਜੋ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਸਨ ਮੁੱਖ ਮੰਤਰੀ ਪੰਜਾਬ ਵਲੋਂ ਉਨ੍ਹਾਂ ਲਈ ਐਲਾਨ ਕੀਤਾ ਗਿਆ ਮੁਆਵਜ਼ਾ ਅਜੇ ਤੱਕ ਵੀ ਪੀੜਤਾਂ ਨੂੰ ਨਹੀਂ ਮਿਲਿਆ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਆਏ ਹੜ੍ਹ ਦੇ ਚੱਲਦਿਆਂ ਉਹੀ ਪਿੰਡ ਮਿਆਣੀ, ਮਲਾਹਾਂ, ਸਿੰਬਲੀ, ਮਹਿਤਾਬਪੁਰ, ਕੋਲੀਆਂ, ਜਹਾਨਪੁਰ, ਮੋਤਲਾ, ਜਨਾਰਤਨ, ਹਲੇੜ, ਸੁਨਿਆਲ ਅਤੇ ਮੁਸਾਹਪੁਰ 'ਚ ਹੜ੍ਹ ਨੇ ਜ਼ਮੀਨਾਂ: ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ | ਉਨ੍ਹਾਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਕਾਲੀ ਵਰਕਰ ਹੜ੍ਹ ਪੀੜਤਾਂ ਲਈ ਖਾਣ ਦੀ ਸਮੱਗਰੀ ਅਤੇ ਦਵਾਈਆਂ ਮੁਹੱਈਆ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਮੁਕੇਰੀਆਂ ਮਿੱਲ ਵਲੋਂ ਅਜੇ ਤੱਕ ਕਿਸਾਨਾਂ ਦੀ 336 ਕਰੋੜ ਰੁਪਏ ਦੀ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਦਿੱਤੀ ਗਈ ਹੈ ਅਤੇ ਜੇਕਰ ਇਹ ਰਾਸ਼ੀ ਤੁਰੰਤ ਜਾਰੀ ਨਾ ਕੀਤੀ ਗਈ ਤਾਂ 2 ਸਤੰਬਰ ਤੋਂ ਕਿਸਾਨ ਮਿਲ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦੇਣਗੇ | ਇਸ ਮੌਕੇ ਕਸ਼ਮੀਰ ਸਿੰਘ ਮੁਕੇਰੀਆਂ, ਗੁਰਨਾਮ ਸਿੰਘ ਜਹਾਨਪੁਰ, ਕੁਲਵਿੰਦਰ ਸਿੰਘ ਜਹਾਨਪੁਰ, ਸੁਰਿੰਦਰ ਸਿੰਘ ਜਹਾਨਪੁਰ, ਕੁਲਵਿੰਦਰ ਸਿੰਘ ਜਹਾਨਪੁਰ ਆਦਿ ਹਾਜ਼ਰ ਸਨ |