ਕਟਾਰੀਆਂ, 17 ਅਕਤੂਬਰ (ਪ੍ਰੇਮੀ ਸੰਧਵਾਂ)-ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਮੀਤ ਪ੍ਰਧਾਨ ਜਥੇ. ਦਵਿੰਦਰ ਸਿੰਘ ਸੰਧੂ ਸੰਧਵਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਦਰਤ ਦੀ ਕਰੋਪੀ ਨਾਲ ਆਏ ਹੜ੍ਹਾਂ ਕਾਰਨ ਸੂਬੇ ਦੇ ਕਿਸਾਨਾਂ ਦੀਆਂ ਅਨੇਕਾਂ ਥਾਵਾਂ 'ਤੇ ਫ਼ਸਲਾਂ ਬਰਬਾਦ ਕਰਕੇ ਰੱਖ ਦਿੱਤੀਆਂ, ਜਿਸ ਕਾਰਨ ਸਰਕਾਰ ਦਾ ਸਤਾਇਆ ਕਿਸਾਨ ਤੇ ਮਜ਼ਦੂਰ ਵਰਗ ਆਏ ਦਿਨ ਖੁਦਕਸ਼ੀਆਂ ਕਰ ਰਿਹਾ ਹੈ | ਕਿਉਂਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੋ ਇਕ ਸਹਾਰਾ ਫਸਲਾਂ ਹੀ ਹੁੰਦੀਆਂ ਹਨ ਤੇ ਜੇਕਰ ਫਸਲਾਂ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਣ ਤਾਂ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਕਰਜ਼ੇ ਵਿਚ ਆ ਕੇ ਖੁਦਕਸ਼ੀਆਂ ਕਰਨ ਤੋਂ ਸਿਵਾਏ ਕੋਈ ਹੋਰ ਰਾਹ ਨਹੀਂ ਦਿਸਦਾ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਤੇ ਕੇਂਦਰ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਪੀੜਤ ਕਿਸਾਨਾਂ ਦੀ ਬਾਂਹ ਫੜ੍ਹਦੀਆਂ ਤਾਂ ਕਦੇ ਵੀ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਖੁਦਕਸ਼ੀਆਂ ਕਰਨ ਦੇ ਰਾਹ ਨਹੀਂ ਪੈਂਦਾ | ਜਥੇ. ਦਵਿੰਦਰ ਸਿੰਘ ਗੋਗੀ ਸੰਧੂ ਨੇ ਕਿਹਾ ਕਿ ਲੋਕਾਂ ਵਲੋਂ ਚੁਣੀਆਂ ਗਈਆਂ ਸਰਕਾਰਾਂ ਦਾ ਫਰਜ ਬਣਦਾ ਹੈ ਕਿ ਉਹ ਮੁਸੀਬਤ ਦੀ ਘੜੀ ਵਿਚ ਕਿਸਾਨਾਂ-ਮਜ਼ਦੂਰਾਂ ਦੀ ਬਾਂਹ ਫੜੇ ਤਾਂ ਜੋ ਕਿਸਾਨ ਦੇਸ਼ ਦੇ ਲੋਕਾਂ ਦਾ ਫ਼ਸਲਾਂ ਤਿਆਰ ਕਰਕੇ ਢਿੱਡ ਭਰਦਾ ਰਹੇ |