ਬੰਗਾ, 4 ਨਬੰਵਰ (ਕੁਲਦੀਪ ਸਿੰਘ ਪਾਬਲਾ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ | ਇਸ ਸਮਾਗਮ 'ਚ ਰੂਹਾਨੀ ਪ੍ਰਸਤੁਤੀਆਂ ਤੇ ਗੁਰਬਾਣੀ ਦੇ ਸੁਰਾਂ ਨਾਲ ਪੂਰਾ ਮਾਹੌਲ ਭਗਤੀ ਮਈ ਬਣ ਗਿਆ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਮੈਡਮ ਤੇ ਮੈਨੇਜਮੈਂਟ ਮੈਂਬਰਾਂ ਦੇ ਸਵਾਗਤ ਨਾਲ ਹੋਈ | ਉਪਰੰਤ ਜਮਾਤ ਨੌਵੀਂ ਦੇ ਵਿਦਿਆਰਥੀਆਂ ਨੇ ਸੁਰੀਲਾ ਸ਼ਬਦ ਗਾਇਨ ਕੀਤਾ | ਮਨਦੀਪ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਸਮਾਨਤਾ, ਦਇਆ ਅਤੇ ਨਿਮਰਤਾ ਬਾਰੇ ਇਕ ਪ੍ਰੇਰਕ ਭਾਸ਼ਣ ਦਿੱਤਾ | ਮੈਡਮ ਮਨੀਸ਼ਾ ਰਾਣੀ ਨੇ ਗੁਰੂ ਨਾਨਕ ਦੇਵ ਜੀ ਦੇ ਭਾਈਚਾਰੇ ਅਤੇ ਅਮਨ ਦੇ ਸੁਨੇਹੇ 'ਤੇ ਇਕ ਸੁਹਾਵਣੀ ਕਵਿਤਾ ਪੇਸ਼ ਕੀਤੀ | ਜਮਾਤ ਬਾਰ੍ਹਵੀ ਦੇ ਵਿਦਿਆਰਥੀਆਂ ਨੇ ਸ਼ਬਦ ਪੇਸ਼ ਕਰਕੇ ਸਮਾਗਮ ਨੂੰ ਹੋਰ ਭਗਤੀਮਈ ਬਣਾ ਦਿੱਤਾ | ਪਿ੍ੰਸੀਪਲ ਸ਼੍ਰੀਮਤੀ ਨੀਨਾ ਭਾਰਦਵਾਜ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸਾਰਾਹਨਾ ਕੀਤੀ ਅਤੇ ਆਪਣੇ ਪ੍ਰੇਰਕ ਵਿਚਾਰ ਸਾਂਝੇ ਕੀਤੇ | ਉਹਨਾ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ | ਉਨ੍ਹਾਂ ਨੇ ਸੱਚ, ਨਿਮਰਤਾ ਅਤੇ ਨਿਸ਼ਕਾਮ ਸੇਵਾ ਦਾ ਰਾਹ ਦਿਖਾਇਆ | ਅੱਜ ਦੇ ਸਮੇਂ ਵਿੱਚ ਉਨ੍ਹਾਂ ਦਾ ਅਮਨ ਤੇ ਸਮਾਨਤਾ ਦਾ ਸੁਨੇਹਾ ਬਹੁਤ ਹੀ ਮਹੱਤਵਪੂਰਨ ਹੈ | ਸਾਨੂੰ ਗੁਰੂ ਜੀ ਦੇ ਰਾਹ 'ਤੇ ਚੱਲਦੇ ਹੋਏ ਅਤੇ ਆਪਣੇ ਜੀਵਨ ਵਿਚ ਦਇਆ, ਇਮਾਨਦਾਰੀ ਦਾ ਭਾਵ ਰੱਖਣਾ ਚਾਹੀਦਾ ਹੈ |