ਗੁਰਦਾਸਪੁਰ, 20 ਜੂਨ (ਚੱਕਰਾਜਾ)-ਸ਼ਹਿਰ ਗੁਰਦਾਸਪੁਰ ਅੰਦਰ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ | ਅੱਜ ਸ਼ਹਿਰ ਦੇ ਕਲਾਨੌਰ ਰੋਡ ਉੱਪਰ ਸਾਧੂ ਦੇ ਭੇਸ ਵਿਚ ਆਏ ਇਕ ਵਿਅਕਤੀ ਵਲੋਂ ਆਪਣੇ ਸਾਥੀ ਸਮੇਤ ਇਕ ਬਜ਼ੁਰਗ ਪਾਸੋਂ ਚਿੱਟੇ ਦਿਨ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮਨੋਹਰ ਲਾਲ ਨੇ ਦੱਸਿਆ ਕਿ ਉਹ ਨਬੀਪੁਰ ਦਾ ਰਹਿਣ ਵਾਲਾ ਹੈ ਤੇ ਕਿਸੇ ਕੰਮ ਲਈ ਗੁਰਦਾਸਪੁਰ ਆਇਆ ਸੀ | ਦੁਪਹਿਰ ਨੂੰ ਉਹ ਵਾਪਸ ਆਪਣੇ ਪਿੰਡ ਨਬੀਪੁਰ ਵਲੋਂ ਜਾ ਰਿਹਾ ਸੀ ਕਿ ਕਾਹਨੂੰਵਾਨ ਚੌਕ ਤੋਂ ਕੁਝ ਹੀ ਦੂਰੀ 'ਤੇ ਪਹੁੰਚਣ 'ਤੇ ਸਾਧੂ ਰੂਪੀ ਇਕ ਵਿਅਕਤੀ ਵਲੋਂ ਉਸ ਨੂੰ ਹੱਥ ਦੇ ਕੇ ਰੋਕਿਆ ਗਿਆ ਅਤੇ ਮੰਦਿਰ ਦਾ ਰਸਤਾ ਪੁੱਛਿਆ ਗਿਆ | ਉਸ ਨੇ ਦੱਸਿਆ ਕਿ ਉਹ ਰਸਤਾ ਦੱਸਣ ਤੋਂ ਬਾਅਦ ਥੋੜ੍ਹਾ ਹੀ ਅੱਗੇ ਗਿਆ ਸੀ ਕਿ ਉਸੇ ਵਿਅਕਤੀ ਦਾ ਦੂਸਰਾ ਸਾਥੀ ਖੜ੍ਹਾ ਸੀ | ਜਿਸ ਵਲੋਂ ਉਸ ਨੂੰ ਦੁਬਾਰਾ ਰੋਕ ਲਿਆ ਗਿਆ ਅਤੇ ਉਕਤ ਦੋਨੋਂ ਉਸ ਨੂੰ ਸੜਕ ਦੇ ਇਕ ਕਿਨਾਰੇ 'ਤੇ ਲੈ ਗਏ, ਜਿੱਥੇ ਉਨ੍ਹਾਂ ਵਲੋਂ ਬਜ਼ੁਰਗ ਪਾਸੋਂ ਇਕ ਸੋਨੇ ਦਾ ਕੜਾ, ਇਕ ਸੋਨੇ ਦਾ ਛੱਲਾ ਅਤੇ ਕਰੀਬ 2000 ਰੁਪਏ ਖੋਹ ਲਏ ਗਏ | ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਨੋਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ | ਜਿਸ ਦੀ ਸੂਚਨਾ ਬਜ਼ੁਰਗ ਵਲੋਂ ਆਪਣੇ ਪੁੱਤਰ ਦਲੀਪ ਸ਼ਰਮਾ ਨੂੰ ਦਿੱਤੀ ਗਈ, ਜਿਨ੍ਹਾਂ ਵਲੋਂ ਮੌਕੇ 'ਤੇ ਪਹੁੰਚਣ ਤੋਂ ਬਾਅਦ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੂੰ ਇਸ ਵਾਰਦਾਤ ਸੰਬੰਧੀ ਸੂਚਿਤ ਕੀਤਾ ਗਿਆ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਨੋਹਰ ਲਾਲ ਦੇ ਪੁੱਤਰ ਦਲੀਪ ਸ਼ਰਮਾ ਨੇ ਦੱਸਿਆ ਕਿ ਵਾਰਦਾਤ ਹੋਣ ਤੋਂ ਬਾਅਦ ਜਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਮੌਕੇ 'ਤੇ ਤਾਂ ਪਹੁੰਚੀ ਪਰ ਪੁਲਿਸ ਵਲੋਂ ਲੁਟੇਰਿਆਂ ਨੂੰ ਫੜਨ ਲਈ ਕੋਈ ਵੀ ਯਤਨ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਵਾਰਦਾਤ ਨੂੰ ਮੁੱਖ ਰੱਖ ਕੇ ਆਸ-ਪਾਸ ਦੇ ਸੀ. ਸੀ. ਟੀ.ਵੀ. ਕੈਮਰੇ ਤੱਕ ਚੈਕ ਨਹੀਂ ਕੀਤੇ ਗਏ ਅਤੇ ਨਾ ਹੀ ਦੋਸ਼ੀਆਂ ਦੀ ਪਹਿਚਾਣ ਲਈ ਆਸ-ਪਾਸ ਦੇ ਲੋਕਾਂ ਨਾਲ ਗੱਲ ਕੀਤੀ ਗਈ | ਸਗੋਂ ਉਨ੍ਹਾਂ ਨੂੰ ਥਾਣੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਕਹਿ ਕੇ ਪੁਲਿਸ ਕਰਮੀ ਉਥੋਂ ਵਾਪਸ ਚਲੇ ਗਏ | ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੀ ਭਾਲ ਕਰਨ ਲਈ ਉਨ੍ਹਾਂ ਵਲੋਂ ਆਸ-ਪਾਸ ਦੀਆਂ ਦੁਕਾਨਾਂ ਉੱਪਰ ਕਰੀਬ ਦੋ ਘੰਟੇ ਤੱਕ ਸੀ. ਸੀ. ਟੀ.ਵੀ ਕੈਮਰਿਆਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ | ਜਿਸ ਵਿਚ ਕੁਝ ਦੁਕਾਨਦਾਰਾਂ ਵਲੋਂ ਉਨ੍ਹਾਂ ਦਾ ਸਾਥ ਦਿੱਤਾ ਗਿਆ ਅਤੇ ਕੁਝ ਦੁਕਾਨਦਾਰਾਂ ਵਲੋਂ ਉਨ੍ਹਾਂ ਨੂੰ ਕੈਮਰੇ ਦਿਖਾਉਣ ਤੋਂ ਨਾਂਹ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜੇ ਪੁਲਿਸ ਚਾਹੁੰਦੀ ਤਾਂ ਉਹ ਆਸ-ਪਾਸ ਦੇ ਕੈਮਰੇ ਚੈਕ ਕਰ ਸਕਦੀ ਸੀ ਅਤੇ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕਦਾ ਸੀ |