ਫ਼ਤਹਿਗੜ੍ਹ ਚੂੜੀਆਂ, 20 ਜੂਨ (ਐੱਮ. ਐੱਸ. ਫੁੱਲ)-ਕਸਬਾ ਫ਼ਤਹਿਗੜ੍ਹ ਚੂੜੀਆਂ ਜਿੱਥੇ ਹੋਰ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ, ਉਥੇ ਨਾਲ ਹੀ ਇਹ ਸਰਕਾਰੀ ਲਾਪ੍ਰਵਾਹੀ ਦਾ ਵੀ ਸ਼ਿਕਾਰ ਹੈ | ਸ਼ਹਿਰ ਅੰਦਰ 2-3 ਰੈਸਟੋਰੈਂਟਾਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਢਾਬਿਆਂ ਤੇ ਰੇਹੜੀਆਂ ਉੱਤੇ ਖਾਣੇ ਬਣਾਉਣ ਲਈ ਵਰਤੇ ਜਾਣ ਵਾਲੇ ਮਸਾਲੇ, ਚਟਨੀਆਂ, ਸੌਸ ਨਕਲੀ ਅਤੇ ਮਿਲਾਵਟੀ ਹਨ, ਉਤੋਂ ਸਿਤਮਜ਼ਰੀਫੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਮਸਲੇ ਵੱਲ ਇਕ ਵੀ ਸਰਕਾਰੀ ਅਧਿਕਾਰੀ ਦਾ ਧਿਆਨ ਤੱਕ ਨਹੀਂ ਗਿਆ ਤੇ ਸਿਹਤ ਵਿਭਾਗ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਢਾਬਿਆਂ ਉੱਤੇ ਵਿਕਣ ਵਾਲੇ ਮਾਸ, ਮੱਛੀ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੇ ਕਦੇ ਵੀ ਨਮੂਨੇ ਨਹੀਂ ਭਰੇ ਗਏ ਅਤੇ ਨਾ ਹੀ ਹਾਲੇ ਤੱਕ ਕਿਸੇ ਅਧਿਕਾਰੀ ਵਲੋਂ ਇਨ੍ਹਾਂ ਢਾਬਿਆਂ ਤੇ ਨਾਜਾਇਜ਼ ਬੀਅਰ ਬਾਰਾਂ ਦੀ ਜਾਂਚ ਕੀਤੀ ਗਈ ਹੈ | ਇਨ੍ਹਾਂ ਢਾਬੇ ਵਾਲਿਆਂ ਉੱਤੇ ਸਰਕਾਰੀ ਤੰਤਰ ਦੀ ਇਸ ਦਰਿਆਦਿਲੀ ਕਾਰਨ ਸਰਕਾਰੀ ਅਧਿਕਾਰੀਆਂ ਦੀ ਕਾਰਗੁਜਾਰੀ ਵੀ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ | ਕੁਝ ਲੋਕਾਂ ਦਾ ਤਾਂ ਕਹਿਣਾ ਹੈ ਕਿ ਜ਼ਿਆਦਾ ਚੱਲਣ ਵਾਲੇ ਢਾਬਾ ਮਾਲਕ ਉਪਰ ਤੱਕ ਪੈਸਾ ਚੜ੍ਹਾਉਂਦੇ ਹਨ, ਇਸੇ ਕਰ ਕੇ ਉਹ ਜੋ ਮਰਜ਼ੀ ਵੇਚਣ, ਉਨ੍ਹਾਂ ਨੂੰ ਕੋਈ ਰੋਕ-ਟੋਕ ਨਹੀਂ | ਬਹੁਤ ਸਾਰੇ ਢਾਬੇ, ਚਿਕਨ ਕਾਰਨਰ ਅਤੇ ਰੈਸਟੋਰੈਂਟ ਤਾਂ ਫੂਡ ਸੇਫ਼ਟੀ ਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੀਆਂ ਸ਼ਰਤਾਂ ਹੀ ਪੂਰੀਆਂ ਨਹੀਂ ਕਰਦੇ | ਸਫ਼ਾਈ ਪੱਖੋਂ ਵੀ ਇਨ੍ਹਾਂ ਦਾ ਹਾਲ ਬਦ ਤੋਂ ਬਦਤਰ ਹੀ ਹੈ | ਖਾਣ-ਪੀਣ ਵਾਲੀਆਂ ਥਾਵਾਂ 'ਤੇ ਆਵਾਰਾ ਕੁੱਤਿਆਂ ਦੀ ਭਰਮਾਰ ਹੈ, ਕੱਚਾ ਮਾਸ ਸਾਂਭਣ ਲਈ ਵਿਸ਼ੇਸ਼ ਚੈਸਟਕੂਲ ਕੈਂਡੀਆਂ ਹੀ ਮੌਜ਼ੂਦ ਨਹੀਂ ਹਨ | ਢਾਬਿਆਂ ਦੇ ਅੰਦਰ ਕੀੜੇ-ਮਕੌੜੇ ਅਤੇ ਕੌਕਰੋਚਾਂ ਦੀ ਭਰਮਾਰ ਹੈ | ਬਰਤਨ ਸਾਫ਼ ਕਰਨ ਲਈ ਵਿਸ਼ੇਸ਼ ਥਾਂ ਤੇ ਸਾਧਨ ਨਹੀਂ ਹਨ | ਅਜਿਹੇ ਢਾਬਿਆਂ ਤੇ ਰੇਹੜੀਆਂ ਤੋਂ ਖਾਣਾ ਖਾ ਕੇ ਅਕਸਰ ਲੋਕ ਪੇਟ ਦਰਦ ਤੇ ਦਸਤ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਹੁਣ ਆਉਂਦੇ ਦਿਨਾਂ ਵਿਚ ਬਰਸਾਤ ਦਾ ਮੌਸਮ ਹੋਣ ਕਾਰਨ ਇਸ ਤਰ੍ਹਾਂ ਦੀਆਂ ਥਾਵਾਂ 'ਤੋਂ ਭੋਜਨ ਕਰਨ ਨਾਲ ਹੋਰ ਵੀ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਰਹੇਗਾ, ਬਹੁਤ ਸਾਰੇ ਢਾਬਾ ਮਾਲਕ ਤਾਂ ਢਾਬੇ ਦੀ ਰਹਿੰਦ-ਖੂੰਹਦ ਵੀ ਬਾਹਰ ਆਵਾਰਾ ਕੁੱਤਿਆਂ ਲਈ ਛੱਡ ਦਿੰਦੇ ਹਨ, ਜਿਸ ਨਾਲ ਹੋਰ ਗੰਦਗੀ ਫ਼ੈਲਦੀ ਹੈ | ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਸ਼ਰੇਆਮ ਵਿਕ ਰਿਹਾ ਹੈ ਪਰ ਹਾਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਨਜ਼ਰ ਇਸ ਪਾਸੇ ਕਿਉਂ ਨਹੀਂ ਪਈ, ਜਿਸ ਕਾਰਨ ਆਮ ਲੋਕਾਂ ਦੇ ਮਨਾਂ ਵਿਚ ਕਈ ਸਵਾਲ ਪੈਦਾ ਹੁੰਦੇ ਹਨ | ਲੋਕਾਂ ਨੇ ਸਰਕਾਰ, ਸਿਹਤ ਵਿਭਾਗ ਅਤੇ ਐੱਫ.ਐੱਸ.ਐੱਸ.ਏ.ਆਈ. ਤੋਂ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਉਕਤ ਗੰਦਗੀ ਪਰੋਸਣ ਵਾਲੇ ਢਾਬਾ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ |