'ਮੁਅੱਤਲ ਕੀਤੇ 29 ਮੁੱਖ ਅਧਿਆਪਕਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ' ਮਾਸਟਰ ਕੇਡਰ ਯੂਨੀਅਨ ਨੇ ਕੀਤੀ ਮੰਗ
ਅਜੀਤ ਡੈਸਕ
21-06-2025
ਪਠਾਨਕੋਟ, 20 ਜੂਨ (ਸੰਧੂ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪਠਾਨਕੋਟ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਰਨਲ ਸਕੱਤਰ ਪਵਨ ਸ਼ਰਮਾ, ਸਟੇਟ ਕਮੇਟੀ ਮੈਂਬਰ ਰਾਕੇਸ਼ ਸ਼ਰਮਾ, ਜ਼ਿਲ੍ਹਾ ਵਿੱਤ ਸਕੱਤਰ ਰਾਕੇਸ਼ ਮਹਾਜਨ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਹਰਸਿਮਰਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਕਰਮਚਾਰੀਆਂ ਨਾਲ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਕੇ ਧੱਕਾ ਕੀਤਾ ਜਾ ਰਿਹਾ ਹੈ | ਜਿਸ ਦੀ ਤਾਜ਼ਾ ਮਿਸਾਲ 10 ਜੂਨ ਨੂੰ ਪੱਤਰ ਜਾਰੀ ਕਰਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਸਮੱਗਰਾ ਤਹਿਤ ਭਰਤੀ ਕੀਤੇ ਢਾਈ ਦਰਜਨ ਦੇ ਕਰੀਬ ਮੁੱਖ ਅਧਿਆਪਕਾਂ ਨੂੰ ਪੰਜਾਬ ਸਰਕਾਰ ਵਲੋਂ ਪੰਜ ਸਾਲ ਦੀ ਸੇਵਾ ਮਗਰੋਂ ਮੁਅੱਤਲ ਕਰਕੇ ਸੜਕਾਂ 'ਤੇ ਰੋਲਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਹੈ | ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2013 ਵਿਚ ਠੇਕਾ ਸਿਸਟਮ ਦੇ ਆਧਾਰ 'ਤੇ 264 ਮੁੱਖ ਅਧਿਆਪਕ ਨੂੰ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ | ਕੁਝ ਉਮੀਦਵਾਰਾਂ ਜਿਨ੍ਹਾਂ ਨੇ ਮੁੱਖ ਅਧਿਆਪਕ ਦੀ ਭਰਤੀ ਵਾਸਤੇ ਅਪਲਾਈ ਕੀਤਾ ਸੀ, ਅਪਲਾਈ ਕਰਨ ਦੀ ਆਖ਼ਰੀ ਮਿਤੀ ਤੋਂ ਬਾਅਦ ਉਨ੍ਹਾਂ ਉਮੀਦਵਾਰਾਂ ਨੇ ਤਜਰਬਾ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਪ੍ਰਤੀ ਹਸਤਾਖ਼ਰ ਜਾਰੀ ਹੋਏ ਸਨ, ਨੂੰ ਮਾਣਯੋਗ ਹਾਈਕੋਰਟ ਦੇ ਸਿੰਗਲ ਬੈਂਚ ਵਲੋਂ ਸਾਲ 2020 ਵਿਚ 40 ਮੁੱਖ ਅਧਿਆਪਕਾਂ ਨੂੰ ਭਰਤੀ ਕਰਨ ਦਾ ਹੁਕਮ ਸੁਣਾਇਆ ਸੀ | 40 ਮੁੱਖ ਅਧਿਆਪਕਾਂ ਵਿਚੋਂ 29 ਅਧਿਆਪਕਾਂ ਨੇ ਠੇਕੇ ਸਿਸਟਮ ਅਧੀਨ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਬਤੌਰ ਮੁੱਖ ਅਧਿਆਪਕ 30 ਹਜ਼ਾਰ ਤਨਖ਼ਾਹ 'ਤੇ ਜੁਆਇੰਨ ਕੀਤਾ | ਇਸ ਭਰਤੀ ਸਬੰਧੀ ਤਜਰਬਾ ਸਰਟੀਫਿਕੇਟ ਨੂੰ ਲੈ ਕੇ 162 ਮੁੱਖ ਅਧਿਆਪਕਾਂ ਵਲੋਂ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਕੋਲ ਕੇਸ ਲਗਾਇਆ ਅਤੇ ਡਬਲ ਬੈਂਚ ਵਲੋਂ 162 ਮੁੱਖ ਅਧਿਆਪਕਾਂ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਗਿਆ ਕਿ ਛੇ ਸਾਲ ਦੀ ਸਰਵਿਸ ਕਰਨ ਤੋਂ ਬਾਅਦ ਇਨ੍ਹਾਂ 162 ਮੁੱਖ ਅਧਿਆਪਕਾਂ ਨੂੰ ਹਟਾਇਆ ਨਹੀਂ ਜਾ ਸਕਦਾ ਪਰ ਪੰਜਾਬ ਸਰਕਾਰ ਵਲੋਂ ਆਪਣੇ ਤੌਰ 'ਤੇ ਹੀ ਜਿਨ੍ਹਾਂ ਮੁੱਖ ਅਧਿਆਪਕਾਂ ਨੇ ਇਸ਼ਤਿਹਾਰ ਤੋਂ ਬਾਅਦ ਤਜਰਬੇ ਦਾ ਸਰਟੀਫਿਕੇਟ ਬਣਵਾਇਆ ਸੀ, ਉਨ੍ਹਾਂ 29 ਮੁੱਖ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ | ਹੁਣ ਇਹ 29 ਮੁੱਖ ਅਧਿਆਪਕ ਆਪਣੇ ਬਚਾਅ ਵਾਸਤੇ ਮਾਣਯੋਗ ਸੁਪਰੀਮ ਕੋਰਟ ਚਲੇ ਗਏ ਅਤੇ ਮਾਣਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਇਨ੍ਹਾਂ 29 ਮੁੱਖ ਅਧਿਆਪਕਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਜੋ ਕਿ ਬਹੁਤ ਮੰਦਭਾਗਾ ਹੈ | ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਮੁੱਖ ਅਧਿਆਪਕਾਂ ਨੂੰ ਮੁਅੱਤਲ ਕਰਨ ਦਾ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜ ਸਾਲ ਦੀ ਸੇਵਾ ਦੇ ਬਾਅਦ ਮੁਅੱਤਲ ਕੀਤੇ 29 ਮੁੱਖ ਅਧਿਆਪਕਾਂ ਨੂੰ ਜਿਨ੍ਹਾਂ ਦੀ ਉਮਰ 45 ਤੋਂ 50 ਸਾਲ ਹੋ ਚੁੱਕੀ ਹੈ, ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੜਕ 'ਤੇ ਰੋਲਣ ਦੀ ਬਜਾਏ ਦੁਬਾਰਾ ਉਨ੍ਹਾਂ ਦੇ ਕੇਸ ਨੂੰ ਵਿਚਾਰ ਕੇ ਨੌਕਰੀ 'ਤੇ ਬਹਾਲ ਕਰਵਾਇਆ ਜਾਵੇ | ਇਸ ਮੌਕੇ ਪ੍ਰੇਮ ਭੜੋਲੀ, ਪਰਵਿੰਦਰ ਸੈਣੀ, ਅਜੇ ਭੋਗਲ, ਸੰਜੀਵ ਮਾਹੀ, ਸੁਖਵਿੰਦਰ ਸਿੰਘ, ਵਿਜਯੰਤ ਜੋਸ਼ੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |