ਪਠਾਨਕੋਟ, 20 ਜੂਨ (ਵਿਨੋਦ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੀਆਂ ਸਮੂਹ ਪਸ਼ੂ ਸੰਸਥਾਵਾਂ ਵਿਖੇ ਸੈਕਸਡ ਸੀਮਨ ਨਾਲ ਪੈਦਾ ਹੋਣ ਵਾਲੀਆਂ ਵੱਛੀਆਂ ਦੇ ਟੀਕੇ ਪਹੁੰਚ ਗਏ ਹਨ | ਇਸ ਗੱਲ ਦਾ ਪ੍ਰਗਟਾਵਾ ਪਸ਼ੂ ਪਾਲਨ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਮੁਕੇਸ਼ ਮਿੱਤਲ ਨੇ ਕੀਤਾ | ਉਨ੍ਹਾਂ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਟੀਕੇ ਆਪਣੀਆਂ ਗਾਵਾਂ ਨੂੰ ਜ਼ਰੂਰ ਲਗਵਾਉਣ | ਇਹ ਟੀਕਾ ਲਗਵਾਉਣ ਨਾਲ 90 ਫੀਸਦੀ ਵੱਛੀ ਹੀ ਪੈਦਾ ਹੁੰਦੀ ਹੈ, ਜੋ ਕਿ ਇਕ ਵਧੀਆ ਨਸਲ ਦੀ ਵੱਛੀ ਹੁੰਦੀ ਹੈ | ਜਿਸ ਦਾ ਜਰਮਪਲਾਜਮ ਬਹੁਤ ਵਧੀਆ ਹੁੰਦਾ ਹੈ | ਇਸ ਟੀਕੇ ਦਾ ਸਰਕਾਰੀ ਰੇਟ 250 ਰੁਪਏ ਹੈ | ਡਾ: ਮੁਕੇਸ਼ ਮਿੱਤਲ ਨੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਟੀਕੇ ਸਿਰਫ਼ ਸਰਕਾਰੀ ਪਸ਼ੂ ਸੰਸਥਾਵਾਂ ਵਿਚ ਹੀ ਮੌਜੂਦ ਹਨ, ਕਿਸੇ ਵੀ ਝੋਲਾਛਾਪ ਡਾਕਟਰ ਤੋਂ ਨਾ ਲਗਵਾਏ ਜਾਣ | ਇਨ੍ਹਾਂ ਤੋਂ ਇਲਾਜ ਕਰਵਾਉਣ ਨਾਲ ਪਸ਼ੂਆ ਵਿਚ ਬਾਂਝਪਨ ਅਤੇ ਰੀਪੀਟ ਬਰੀਡਿੰਗ ਦੀ ਸਮੱਸਿਆ ਹੋ ਜਾਂਦੀ ਹੈ | ਜੇਕਰ ਕਿਸੇ ਵੀ ਪਸ਼ੂ ਪਾਲਕ ਨੂੰ ਇਸ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ |