ਸ੍ਰੀ ਹਰਿਗੋਬਿੰਦਪੁਰ, 17 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧੀਰੋਵਾਲ ਦੇ ਨੌਜਵਾਨ ਸਰਪੰਚ ਸੰਤੋਖ ਸਿੰਘ ਪਨੂੰ ਅਤੇ ਉਨ੍ਹਾਂ ਦੇ ਵੱਡੇ ਭਰਾ ਜਗਜੀਵਨ ਸਿੰਘ ਪਨੂੰ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਜੋ ਪਿੰਡ ਦੀ ਸਰਪੰਚ ਦਾ ਮਾਣ ਸਰਬਸੰਮਤੀ ਨਾਲ ਸਾਡੇ ਪਰਿਵਾਰ ਨੂੰ ਬਖ਼ਸਿਆ ਸੀ, ਉਸ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਗ੍ਰਾਮ ਪੰਚਾਇਤ ਧੀਰੋਵਾਲ ਦੀ ਨੁਮਾਇੰਦਗੀ ਕਰਦੇ ਹੋਏ ਆਪਣੇ ਪਿੰਡ ਧੀਰੋਵਾਲ ਵਿਖੇ ਹਰ ਸੰਭਵ ਯਤਨ ਕੀਤੇ ਹਨ, ਜੋ ਕਿ ਪਿੰਡ ਵਾਸੀਆਂ ਦੇ ਭਵਿੱਖ ਲਈ ਉੱਜਵਲ ਸਾਬਤ ਹੋਣਗੇ | ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਪਿੰਡ 'ਚ ਸਰਕਾਰੀ ਕੰਮ ਇਸ ਤਰ੍ਹਾਂ ਨਿਰਵਿਘਨ ਤੇ ਸਰਬਪੱਖੀ ਵਿਕਾਸ ਚਲਦਾ ਰਹੇਗਾ ਤੇ ਅਸੀਂ ਆਪਣੇ ਵਾਅਦੇ ਅਨੁਸਾਰ ਹਰੇਕ ਸਾਲ ਆਪਣੇ ਪਰਿਵਾਰ ਵਲੋਂ ਪਿੰਡ ਦੇ ਵਿਕਾਸ ਲਈ ਇਕ ਲੱਖ ਰੁਪਏ ਪਿੰਡ ਦੇ ਵਿਕਾਸ ਕਾਰਜਾਂ ਲਈ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਦਿੰਦੇ ਰਹਾਂਗੇ | ਉਨ੍ਹਾਂ ਕਿਹਾ ਕਿ ਸਰਪੰਚੀ ਦਾ ਪਹਿਲਾ ਸਾਲ ਮੁਕੰਮਲ ਹੋਣ 'ਤੇ ਪਿੰਡ ਵਾਸੀਆਂ ਵਲੋਂ ਮਿਲੇ ਸੁਝਾਅ ਅਨੁਸਾਰ ਖੇਡ ਮੈਦਾਨ ਨੂੰ ਹੋਰ ਵਿਕਸਿਤ ਕਰਨ ਦੀ ਲੋੜ ਹੈ, ਜਿਸ ਵਿਚ ਬੱਚਿਆਂ ਦੇ ਖੇਡਣ ਲਈ ਛੋਟਾ ਪਾਰਕ ਤਿਆਰ ਕਰਨ ਦੀ ਤਜਵੀਜ਼ ਰੱਖੀ ਗਈ ਹੈ, ਜਿਸ 'ਚ ਬੱਚਿਆਂ ਦੇ ਖੇਡਣ ਲਈ ਝੂਲੇ ਲਗਾਏ ਜਾਣਗੇ ਤਾਂ ਜੋ ਬੱਚੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਮੋਬਾਇਲ ਫ਼ੋਨ ਤੋਂ ਦੂਰ ਰਹਿ ਕੇ ਪਾਰਕ ਵਿਚ ਖੇਡ ਕਿ ਸਮਾਂ ਬਿਤਾ ਸਕਣ | ਉਨ੍ਹਾਂ ਕਿਹਾ ਕਿ ਇਸ ਪਾਰਕ ਨੂੰ ਬਗੈਰ ਕਿਸੇ ਸਰਕਾਰੀ ਰਾਸ਼ੀ ਦੇ ਤਿਆਰ ਕੀਤਾ ਜਾਵੇਗਾ ਅਤੇ ਇਸ ਉੱਪਰ ਹੋਣ ਵਾਲਾ ਸਾਰਾ ਖ਼ਰਚਾ ਅਸੀਂ ਆਪਣੇ ਪਰਿਵਾਰ ਵਲੋਂ ਸੇਵਾ ਭਾਵਨਾ ਨਾਲ ਕਰਾਂਗੇ |