ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਸ੍ਰੀ ਹਰਗੋਬਿੰਦਪੁਰ ਇਲਾਕੇ ਦੀ ਸਿਰਮੌਰ ਸਿੱਖਿਆ ਸੰਸਥਾ ਚੀਮਾ ਪਬਲਿਕ ਸਕੂਲ ਵਲੋਂ ਪਹਿਲੀ ਤੋਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਲਈ ਇਕ ਧਾਰਮਿਕ ਯਾਤਰਾ ਕਰਵਾਈ ਗਈ, ਜਿਸ ਅਧੀਨ ਬੱਚਿਆਂ ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੁਲਪੁਖ਼ਤਾ ਸਾਹਿਬ ਦੇ ਪਵਿੱਤਰ ਦਰਸ਼ਨਾਂ ਲਈ ਲਿਜਾਇਆ ਗਿਆ | ਇਸ ਯਾਤਰਾ ਦਾ ਮੁੱਖ ਉਦੇਸ਼ ਬੱਚਿਆਂ ਵਿਚ ਧਾਰਮਿਕਤਾ, ਆਦਰ ਤੇ ਸੇਵਾ ਭਾਵਨਾ ਦੇ ਮੁੱਲਾਂ ਨੂੰ ਵਧਾਉਣਾ ਸੀ | ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਚ ਸ਼ਰਧਾ ਨਾਲ ਅਰਦਾਸ ਕੀਤੀ, ਕੀਰਤਨ ਸੁਣਿਆ ਤੇ ਲੰਗਰ ਸੇਵਾ ਵਿਚ ਭਾਗ ਲਿਆ | ਇਸ ਮੌਕੇ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਵਿਚ ਸਿੱਖ ਧਰਮ ਦੇ ਮੁੱਲਾਂ ਤੇ ਸਿੱਖਿਆਵਾਂ ਪ੍ਰਤੀ ਰੁਚੀ ਜਾਗੀ | ਸਕੂਲ ਦੇ ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਉਪ-ਪਿ੍ੰਸੀਪਲ ਸ੍ਰੀਮਤੀ ਆਰਤੀ ਨੰਦਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਨਾਲ ਵਿਦਿਆਰਥੀਆਂ ਦਾ ਆਧਿਆਤਮਿਕ ਵਿਕਾਸ ਹੁੰਦਾ ਹੈ ਤੇ ਉਨ੍ਹਾਂ ਨੂੰ ਸੰਸਕਿ੍ਤਕ ਤੇ ਨੈਤਿਕ ਜੀਵਨ ਜੀਉਣ ਦੀ ਪ੍ਰੇਰਣਾ ਮਿਲਦੀ ਹੈ |