ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਡਾ. ਬੀ.ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਹਲਕੇ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਦੇ ਨੌਜਵਾਨ ਖਿਡਾਰੀਆਂ ਦੀ ਮੰਗ ਅਨੁਸਾਰ ਲਗਾਤਾਰ ਖੇਡ ਕਿੱਟਾਂ ਵੰਡ ਰਹੀ ਹੈ | ਇਸੇ ਲੜੀ ਤਹਿਤ ਅੱਜ ਸਲੇਮਸ਼ਾਹ ਰੋਡ 'ਤੇ ਸਥਿਤ ਕੌਂਸਲਰ ਪੂਜਾ ਲੂਥਰਾ ਦੇ ਦਫ਼ਤਰ ਵਿਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਨੌਜਵਾਨਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖੇਡ ਸਮੱਗਰੀ ਵੰਡ ਕੇ ਉਤਸ਼ਾਹਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਚੇਅਰਮੈਨ ਅਜੇ ਸਚਦੇਵਾ ਅਤੇ ਜਨਰਲ ਸਕੱਤਰ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਅਤੇ ਉਨ੍ਹਾਂ ਵਿਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਹੈ | ਇਸ ਤਹਿਤ ਪਿੰਡ ਹੀਰਾਂਵਾਲੀ ਦੇ ਖਿਡਾਰੀਆਂ ਨੂੰ ਸਪੋਰਟਸ ਜੁੱਤੇ, ਬੇਗਾਵਾਲੀ ਦੇ ਖਿਡਾਰੀਆਂ ਨੂੰ ਸਪੋਰਟਸ ਬੂਟ ਅਤੇ ਫੁੱਟਬਾਲ, ਜੋੜਕੀ ਕੰਕਰਵਾਲੀ ਦੇ ਖਿਡਾਰੀਆਂ ਨੂੰ ਗੇਂਦਾਂ, ਨਵਾਂ ਸਲੇਮਸ਼ਾਹ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ, ਸ਼ਮਸ਼ਾਬਾਦ ਦੇ ਖਿਡਾਰੀਆਂ ਨੂੰ ਟੂਰਨਾਮੈਂਟ ਲਈ ਟਰਾਫ਼ੀਆਂ, ਮੰਡੀ ਹਜ਼ੂਰ ਸਿੰਘ ਦੇ ਖਿਡਾਰੀਆਂ ਨੂੰ ਕਿ੍ਕਟ ਬੈਟ ਅਤੇ ਆਰੀਆ ਨਗਰ ਅਤੇ ਧਾਨਕਾ ਮੁਹੱਲਾ ਫ਼ਾਜ਼ਿਲਕਾ ਦੇ ਖਿਡਾਰੀਆਂ ਨੂੰ ਕਿ੍ਕਟ ਬੈਟ ਵੀ ਵੰਡੇ ਗਏ | ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਸ਼ਕਤ ਬਣਾਉਣਾ ਹੈ ਤਾਂ ਜੋ ਉਹ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ | ਅਜੈ ਸਚਦੇਵਾ ਨੇ ਇਸ ਮੌਕੇ ਕਿਹਾ ਕਿ ਖੇਡਾਂ ਨਾ ਸਿਰਫ਼ ਨੌਜਵਾਨਾਂ ਦੀ ਸਿਹਤ ਨੂੰ ਬਿਹਤਰ ਬਣਾਉਂਦੀਆਂ ਹਨ, ਸਗੋਂ ਉਨ੍ਹਾਂ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਵਰਗੇ ਗੁਣ ਵੀ ਵਿਕਸਤ ਕਰਦੀਆਂ ਹਨ | ਪੂਜਾ ਲੂਥਰਾ ਸਚਦੇਵਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ ਅਤੇ ਹਰ ਨੌਜਵਾਨ ਨੂੰ ਖੇਡ ਸਮਗਰੀ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਖੇਡ ਸਮਗਰੀ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੇ ਸਮਾਜ ਅਤੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਯਤਨ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰੇਗਾ |