ਅੰਮਿ੍ਤਸਰ, 15 ਜੂਨ (ਹਰਮਿੰਦਰ ਸਿੰਘ)-ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਾਰੇ ਗਏ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਤੇ ਹੋਰ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਭਾਜਪਾ ਦੇ ਸਥਾਨਕ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸ਼ੋਕ ਸਭਾ ਕੀਤੀ ਗਈ | ਇਸ ਮੌਕੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਨੇ ਸ੍ਰੀ ਰੁਪਾਨੀ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਜੇ ਰੁਪਾਨੀ ਭਾਜਪਾ ਦੇ ਇਕ ਮਜ਼ਬੂਤ ਅਤੇ ਜ਼ਮੀਨੀ ਨੇਤਾ ਸਨ | ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ 'ਚ ਮਹੱਤਵਪੂਰਨ ਯੋਗਦਾਨ ਪਾਇਆ | ਜਦੋਂ ਤੋਂ ਉਨ੍ਹਾਂ ਨੇ ਭਾਜਪਾ ਪੰਜਾਬ ਦੀ ਕਮਾਨ ਸੰਭਾਲੀ ਹੈ, ਪੰਜਾਬ ਦੇ ਲੋਕਾਂ ਵਿਚ ਭਾਜਪਾ ਦਾ ਗ੍ਰਾਫ ਬਹੁਤ ਵਧਿਆ ਹੈ | ਸੰਧੂ ਨੇ ਕਿਹਾ ਕਿ ਰੁਪਾਨੀ ਜੋ ਗੁਜਰਾਤ ਦੇ 16ਵੇਂ ਮੁੱਖ ਮੰਤਰੀ ਸਨ, ਨੇ ਆਪਣੀ ਸਾਦੀ ਸ਼ਖ਼ਸੀਅਤ ਨਾਲ ਇਕ ਵੱਖਰੀ ਛਾਪ ਛੱਡੀ | ਉਨ੍ਹਾਂ ਦਾ ਅਚਾਨਕ ਦੇਹਾਂਤ ਉਨ੍ਹਾਂ ਦੇ ਪਰਿਵਾਰ ਲਈ ਅਸਹਿ ਹੈ, ਉੱਥੇ ਇਹ ਭਾਰਤੀ ਜਨਤਾ ਪਾਰਟੀ ਲਈ ਵੀ ਇੱਕ ਵੱਡਾ ਘਾਟਾ ਹੈ | ਇਸ ਮੌਕੇ ਰਾਕੇਸ਼ ਗਿੱਲ, ਰੀਨਾ ਜੇਤਲੀ, ਅਨੁਜ ਸਿੱਕਾ, ਸੁਖਮਿੰਦਰ ਸਿੰਘ ਪਿੰਟੂ, ਸਲਿਲ ਕਪੂਰ, ਸੰਜੇ ਸ਼ਰਮਾ, ਮੀਨੂੰ ਸਹਿਗਲ, ਮਾਨਵ ਤਨੇਜਾ, ਗੁਰਪ੍ਰਤਾਪ ਸਿੰਘ ਟਿੱਕਾ, ਸਰਬਜੀਤ ਸਿੰਘ ਸ਼ੰਟੀ, ਜਸਪਾਲ ਸਿੰਘ ਸ਼ੰਟੂ, ਸਤਪਾਲ ਡੋਗਰਾ, ਕੌਂਸਲਰ ਗੌਰਵ ਗਿੱਲ, ਸ਼ਰੂਤੀ ਵਿੱਜ, ਕ੍ਰਿਤੀ ਅਰੋੜਾ, ਵਿਕਾਸ ਗਿੱਲ (ਸਾਰੇ ਕੌਂਸਲਰ), ਮਨਜੀਤ ਕੌਰ ਥਿੰਦ, ਰਾਜੀਵ ਅਨੇਜਾ, ਵਿੱਕੀ ਕਪੂਰ, ਕੰਵਲਜੀਤ ਸਿੰਘ ਸੰਨੀ, ਅਮਿਤ ਮਹਾਜਨ ਆਦਿ ਹਾਜ਼ਰ ਸਨ |