ਛੇਹਰਟਾ, 15 ਮਈ (ਪੱਤਰ ਪ੍ਰੇਰਕ)-ਬੀਤੇ ਦਿਨੀਂ ਡੀ.ਵਾਈ. ਐੱਫ. ਆਈ. (ਡੈਮੋਕਰੇਟਿਕ ਯੂਥ ਫੈਡਰੇਸ਼ਨ ਆਫ਼ ਇੰਡੀਆ) ਦੇ ਵਰਕਰ ਦਾ ਪੁਲਿਸ ਵਲੋਂ ਜ਼ਬਤ ਕੀਤਾ ਮੋਟਰਸਾਈਕਲ ਛੁਡਵਾਉਣ ਲਈ ਪੁਤਲੀਘਰ ਵਿਖੇ ਸਥਿਤ ਪਾਰਟੀ ਦਫ਼ਤਰ ਵਿਖੇ ਪ੍ਰਧਾਨ ਰਾਜਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸਦਰ ਪੁਲਿਸ ਥਾਣੇ ਤੱਕ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ | ਪਰ ਏਡੀਸੀਪੀ ਸਿਟੀ-2 ਹਰਪਾਲ ਸਿੰਘ ਰੰਧਾਵਾ ਦੇ ਦਖਲ ਨਾਲ ਇਸ ਮਸਲੇ ਦਾ ਹੱਲ ਹੋਣ ਉਪਰੰਤ ਇਹ ਮਾਰਚ ਪਾਰਟੀ ਦਫਤਰ ਵਿਚ ਹੀ ਖ਼ਤਮ ਕਰ ਦਿੱਤਾ ਗਿਆ | ਇਸ ਮੌਕੇ ਸੀਟੂ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ, ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਮਜੀਠਾ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਬੀਰ ਝਬਾਲ, ਕਿਸਾਨਾਂ ਦੇ ਆਗੂ ਭੁਪਿੰਦਰਜੀਤ ਸਿੰਘ ਛੀਨਾ ਤੇ ਐਡਵਾ ਦੀ ਆਗੂ ਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਜਿੱਥੇ ਆਪਣੀ ਜਥੇਬੰਦੀ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ, ਉੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ ਕਰਨ 'ਤੇ ਜ਼ੋਰ ਦਿੱਤਾ | ਕਾ. ਅਜਨਾਲਾ ਨੇ ਦੱਸਿਆ ਕਿ ਬਾਬਾ ਬਕਾਲਾ ਤਹਿਸੀਲ ਵਿਚ ਸਾਡੇ ਸਾਥੀ ਕਾਮਰੇਡ ਗੁਰਦੀਪ ਸਿੰਘ ਬਤਾਲਾ ਦੇ ਲੜਕੇ ਸੰਗਰਾਮ ਸਿੰਘ 'ਤੇ ਦਰਜ ਝੂਠਾ ਕੇਸ ਵਾਪਸ ਕਰਾਉਣ ਲਈ 18 ਜੂਨ ਨੂੰ ਡੀ.ਐੱਸ.ਪੀ. ਬਾਬਾ ਬਕਾਲਾ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਆਪਣੇ ਨੌਜਵਾਨ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਪੁੱਜ ਕੇ ਇਸ ਸੰਘਰਸ਼ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ | ਇਸ ਮੌਕੇ ਕਾਮਰੇਡ ਕਿਰਪਾ ਰਾਮ, ਕਾ. ਜੀਤ ਰਾਜ, ਕਾ. ਵਿਜੇ ਕੁਮਾਰ, ਜਪਿੰਦਰ ਸਿੰਘ, ਅਜਮੇਲ ਸਿੰਘ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਦੇਵ ਸਿੰਘ, ਸਾਜਨ ਸਿੰਘ, ਸੋਨੂੰ, ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |