ਅੰਮਿ੍ਤਸਰ, 15 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਨੇ ਕਾਲਜ ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਦੁਆਰਾ ਡਿਜੀਟਲ ਇਲੈਕਟਰੋਨਿਕਸ ਅਤੇ ਡਿਸਕ੍ਰੀਟ ਮੈਥੇਮੈਟਿਕਸ ਦੇ ਸਿਧਾਂਤਾਂ 'ਤੇ ਬਿ੍ਜ ਕੋਰਸ ਦਾ ਉਦਘਾਟਨ ਕੀਤਾ ਗਿਆ | ਡਾ: ਗੁਪਤਾ ਨੇ ਕਿਹਾ ਕਿ ਇਸ ਪੰਦਰਾਂ ਦਿਨਾਂ ਦੇ ਕੋਰਸ 'ਚ ਬੀ. ਸੀ. ਏ. ਅਤੇ ਬੀ. ਐੱਸ. ਸੀ. (ਆਈ. ਟੀ.) ਦੇ 70 ਤੋਂ ਵੱਧ ਵਿਦਿਆਰਥੀ ਹਿੱਸਾ ਲੈ ਰਹੇ ਹਨ | ਕਾਲਜ ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਨੇ ਕਿਹਾ ਕਿ ਡਿਜੀਟਲ ਇਲੈਕਟਰੋਨਿਕਸ 'ਤੇ ਵਰਕਸ਼ਾਪ ਦਾ ਉਦੇਸ਼ ਡਿਜੀਟਲ ਸਰਕਟਾਂ ਤੇ ਪ੍ਰਣਾਲੀਆਂ ਦੇ ਕੰਮਕਾਜ ਨੂੰ ਸਮਝਣਾ ਹੈ | ਇਸ 'ਚ ਡਿਜੀਟਲ ਲਾਜਿਕ ਗੇਟ, ਡਿਜੀਟਲ ਸਰਕਟ ਅਤੇ ਡਿਜੀਟਲ ਪ੍ਰਣਾਲੀਆਂ ਦਾ ਅਧਿਐਨ ਸ਼ਾਮਿਲ ਹੈ | ਵਰਕਸ਼ਾਪ 'ਚ ਡਿਜੀਟਲ ਲਾਜਿਕ ਗੇਟ, ਡਿਜੀਟਲ ਸਰਕਟ, ਡੀਕੋਡਰ, ਲੈਚ, ਫਲਿੱਪ-ਫਲਾਪ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਗਣਿਤ ਦੇ ਕੋਰਸ 'ਚ ਵਿਦਿਆਰਥੀਆਂ ਨੂੰ ਗਣਿਤ ਬਾਰੇ ਵੀ ਜਾਣੰੂ ਕਰਵਾਇਆ ਜਾ ਰਿਹਾ ਹੈ | ਵਿਭਾਗ ਦੇ ਮੁਖੀ ਪ੍ਰੋ: ਵਿਕਰਮ ਸ਼ਰਮਾ ਨੇ ਕਿਹਾ ਕਿ ਇਸ ਵਰਕਸ਼ਾਪ 'ਚ ਮੁੱਖ ਬੁਲਾਰੇ ਪ੍ਰੋ: ਪੁਨੀਤ ਸ਼ਰਮਾ ਅਤੇ ਡਾ: ਵਿਕਰਮ ਸ਼ਰਮਾ ਹਨ, ਜੋ ਵਿਦਿਆਰਥੀਆਂ ਨੂੰ ਇਲੈਕਟਰੋਨਿਕਸ ਅਤੇ ਗਣਿਤ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾ ਰਹੇ ਹਨ | ਪ੍ਰੋ: ਵਿਕਰਮ ਨੇ ਕਿਹਾ ਕਿ ਡਿਜੀਟਲ ਇਲੈਕਟਰੋਨਿਕਸ ਵਰਕਸ਼ਾਪ 'ਚ ਹਿੱਸਾ ਲੈਣ ਨਾਲ ਸਰਕਟਾਂ ਅਤੇ ਪ੍ਰਣਾਲੀਆਂ ਨੂੰ ਸਮਝਣਾ ਆਸਾਨ ਹੋ ਜਾਵੇਗਾ | ਵਿਦਿਆਰਥੀਆਂ ਨੂੰ ਡਿਜੀਟਲ ਸਰਕਟ ਡਿਜ਼ਾਈਨ ਤੇ ਸਿਮੂਲੇਸ਼ਨ 'ਚ ਵਿਹਾਰਕ ਅਨੁਭਵ ਵੀ ਮਿਲੇਗਾ |