ਸੁਲਤਾਨਵਿੰਡ, 17 ਜੂਨ (ਗੁਰਨਾਮ ਸਿੰਘ ਬੁੱਟਰ)-ਪੰਜਾਂ ਤਖਤਾਂ ਦੀ ਸਾਈਕਲ ਯਾਤਰਾ ਕਰਕੇ ਅੰਮਿ੍ਤਸਰ ਵਾਸੀ ਮੰਗਲ ਸਿੰਘ ਹੁੰਦਲ ਨਿਊ ਅੰਮਿ੍ਤਸਰ ਗੋਲਡਨ ਗੇਟ ਵਿਖੇ ਪਹੁੰਚ,ੇ ਜਿੱਥੇ ਸਾਬਕਾ ਏ.ਡੀ.ਸੀ. ਜਨਰਲ ਤੇਜਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਾਈਕਲਿਸਟਾਂ ਵਲੋਂ ਮੰਗਲ ਸਿੰਘ ਹੁੰਦਲ ਦਾ ਸਿਰੋਪਾਓ ਅਤੇ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਤੇਜਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਮੰਗਲ ਸਿੰਘ ਹੁੰਦਲ 'ਤੇ ਬਹੁਤ ਮਾਣ ਹੈ ਜੋ ਕਿ 67 ਸਾਲ ਦੀ ਉਮਰ ਵਿਚ 63 ਦਿਨਾਂ ਦੀ ਸਾਈਕਲ ਯਾਤਰਾ ਕਰਕੇ ਗੁਰੂ ਨਗਰੀ ਅੰਮਿ੍ਤਸਰ ਵਿਖੇ ਵਾਪਿਸ ਪਹੁੰਚੇ ਹਨ | ਇਨ੍ਹਾਂ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਨੂੰ ਕੋਟਨਿ-ਕੋਟ ਪ੍ਰਣਾਮ ਹੈ | ਮੰਗਲ ਸਿੰਘ ਹੁੰਦਲ ਨੇ ਦੱਸਿਆ ਕਿ 16 ਅਪ੍ਰੈਲ ਨੂੰ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਉਹ ਪੰਜਾਂ ਤਖਤਾਂ ਦੀ ਯਾਤਰਾ ਲਈ ਰਵਾਨਾ ਹੋਏ ਸਨ, ਜਿਸ ਤਹਿਤ ਰਸਤੇ ਵਿਚ ਜਗ੍ਹਾ-ਜਗ੍ਹਾ ਤੇ ਲੋਕਾਂ ਵਲੋਂ ਮੇਰਾ ਬਹੁਤ ਹੌਸਲਾ ਵਧਾਇਆ ਅਤੇ ਸੇਵਾ ਕੀਤੀ ਗਈ | ਇਹ ਯਾਤਰਾ ਕੁੱਲ ਪੰਜ ਹਜ਼ਾਰ ਕਿਲੋਮੀਟਰ ਦੀ ਸੀ, ਜਿਸ ਵਿਚ ਪੰਜਾਂ ਤਖਤਾਂ ਤੋਂ ਇਲਾਵਾ ਹੋਰ ਵੀ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ | ਇਸ ਦੌਰਾਨ ਮੁੰਬਈ ਵਿਖੇ ਮੈਂ ਆਪਣੇ ਕੁੜਮਾ ਕੋਲ ਪਹੁੰਚਿਆ ਜਿੱਥੇ ਉਨ੍ਹਾਂ ਵਲੋਂ ਮੇਰਾ ਬਹੁਤ ਸ਼ਾਨਦਾਰ ਸਵਾਗਤ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਾਈਕਲਿੰਗ ਕਰਨ ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ | ਇਸ ਮੌਕੇ ਸੁਖਮਿੰਦਰ ਸਿੰਘ, ਨਵਜੋਤ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ ਹੁੰਦਲ, ਗੁਰਨਾਮ ਸਿੰਘ ਬੌਸ, ਆਰਪੀ ਸਿੰਘ, ਜਗਬੀਰ ਸਿੰਘ ਚੀਮਾ, ਪਰਮਜੀਤ ਸਿੰਘ, ਹਰਦੀਪ ਸਿੰਘ, ਬਲਜਿੰਦਰ ਸਿੰਘ ਸੰਧੂ, ਐੱਸ.ਆਈ. ਦਲਜੀਤ ਸਿੰਘ, ਗਗਨਦੀਪ ਕੌਰ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |