ਅੰਮਿ੍ਤਸਰ, 17 ਜੂਨ (ਜਸਵੰਤ ਸਿੰਘ ਜੱਸ)-ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋ: ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕੋਲਕਾਤਾ ਦੇ ਕਾਲੀਘਾਟ ਇਲਾਕੇ ਵਿਖੇ ਭਾਜਪਾ ਦੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵਲੋਂ ਮਿੱਥ ਕੇ ਨਿਸ਼ਾਨਾ ਬਣਾਉਂਦੇ ਹੋਏ ਇਕ ਸਿੱਖ ਪੁਲਿਸ ਮੁਲਾਜ਼ਮ ਦੀ ਦਸਤਾਰ 'ਤੇ ਚੱਪਲ ਸੁੱਟੇ ਜਾਣ ਦੀ ਘਟਨਾ ਨੂੰ ਸਿੱਖ ਕੌਮ 'ਤੇ ਫਿਰਕਾਪ੍ਰਸਤ ਹਮਲਾ ਕਰਾਰ ਦਿੱਤਾ ਹੈ | ਪ੍ਰੋ: ਬਲਜਿੰਦਰ ਸਿੰਘ ਵਲੋਂ ਜਾਰੀ ਬਿਆਨ ਵਿਚ ਦੋਵਾਂ ਆਗੂਆਂ ਨੇ ਕਿਹਾ ਕੇਂਦਰੀ ਮੰਤਰੀ ਦੀ ਅਹੁਦੇ ਨਾਲ ਸੰਵਿਧਾਨਕ ਜ਼ਿੰਮੇਵਾਰੀ ਜੁੜੀ ਹੁੰਦੀ ਹੈ, ਪਰ ਉਸ ਵਲੋਂ ਸਿੱਖਾਂ ਪ੍ਰਤੀ ਇਹ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਹੈ, ਬਲਕਿ ਇਸਦੇ ਉਲਟ ਭਾਜਪਾ ਵਲੋਂ ਘੱਟ ਗਿਣਤੀਆਂ ਵਿਸ਼ੇਸ਼ ਤੌਰ 'ਤੇ ਸਿੱਖਾਂ 'ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਮਲੇ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਹਿੰਦੂ ਰਾਸ਼ਟਰ ਦੇ ਨਸ਼ੇ ਹੇਠ ਗੁਰਦੁਆਰਿਆਂ ਨੂੰ ਨਾਸੂਰ ਆਖਦਿਆਂ ਸਿੱਖਾਂ ਦੀ ਦਸਤਾਰ 'ਤੇ ਚੱਪਲ ਸੁੱਟਦੇ ਹਨ, ਸਿੱਖਾਂ ਦੀ ਵੱਖਰੀ ਹੋਂਦ ਨੂੰ ਜਜ਼ਬ ਕਰਨ ਲਈ ਸਨਾਤਨ ਧਰਮ ਦਾ ਹਿੱਸਾ ਦੱਸਿਆ ਜਾਂਦਾ ਹੈ ਅਤੇ ਇਸ ਸਾਰੇ ਵਰਤਾਰੇ ਪਿੱਛੇ ਕਥਿਤ ਸਾਜਿਸ਼ ਕੰਮ ਕਰ ਰਹੀ ਹੈ | ਹਵਾਰਾ ਕਮੇਟੀ ਆਗੂਆਂ ਨੇ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਸੁਖਾਵੇਂ ਮਾਹੌਲ ਨੂੰ ਯਕੀਨੀ ਬਣਾਉਣ ਲਈ ਭਾਜਪਾ ਉਮੀਦਵਾਰ ਨੂੰ ਵੋਟ ਨਾ ਪਾਈ ਜਾਵੇ |