ਅੰਮਿ੍ਤਸਰ, 17 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਫੋਕਲ ਪੁਆਇੰਟ ਖੇਤਰ 'ਚ ਸੜਕ ਕਿਨਾਰੇ ਬਣੀਆਂ ਸੀਵਰੇਜ ਹੌਦੀਆਂ ਨੂੰ ਢੱਕਣ ਅਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ | ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਵਿਖੇ ਸੜਕਾਂ ਅਤੇ ਸੀਵਰੇਜ ਦੀ ਉਸਾਰੀ ਦੌਰਾਨ ਪਾਣੀ ਦੇ ਨਿਕਾਸ ਲਈ ਹੌਦੀਆਂ ਬਣਾਈਆਂ ਗਈਆਂ ਹਨ, ਪਰ ਸੰਬੰਧਿਤ ਵਿਭਾਗ ਇਨ੍ਹਾਂ ਹੋਦੀਆਂ ਦੀ ਉਸਾਰੀ ਤੋਂ ਬਾਅਦ ਇਨ੍ਹਾਂ ਨੂੰ ਸ਼ਾਇਦ ਢੱਕਣਾ ਭੁੱਲ ਗਿਆ | ਹੌਦੀਆਂ ਦੀ ਡੁੁੰਘਾਈ ਜ਼ਿਆਦਾ ਹੈ ਅਤੇ ਰਾਤ ਵੇਲੇ ਕੋਈ ਵਾਹਨ ਚਾਲਕ ਜਾਂ ਪੈਦਲ ਰਾਹਗੀਰ ਇਸ 'ਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ | ਇਸਦੇ ਨਾਲ ਹੀ ਸੜਕਾਂ ਦੇ ਕਿਨਾਰੇ ਇੰਟਰਲਾਕਿੰਗ ਟਾਈਲਾਂ ਵੀ ਲਗਾਈਆਂ ਜਾਣੀਆਂ ਹਨ, ਜਿਸਦਾ ਕੰਮ ਵੀ ਬਹੁਤ ਹੀ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ | ਵਿਭਾਗ ਵਲੋਂ ਇਸ ਪੋ੍ਰਜੈਕਟ ਨੂੰ ਪੂਰਾ ਕਰਨ ਲਈ 30 ਮਈ 2025 ਤੱਕ ਦਾ ਸਮਾਂ ਦਿੱਤਾ ਗਿਆ ਸੀ | ਹੁਣ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਇਹ ਕੰਮ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ | ਇਸ ਸੰਬੰਧੀ ਫੋਕਲ ਪੁਆਇੰਟ ਇੰਡਸਟ੍ਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਨੇ ਕਿਹਾ ਕਿ ਫੋਕਲ ਪੁਆਇੰਟ ਖੇਤਰ 'ਚ ਸੜਕ ਕਿਨਾਰੇ ਹੋਦੀਆਂ ਬਣਾਈਆਂ ਗਈਆਂ ਹਨ, ਪਰ ਉੁਨ੍ਹਾਂ 'ਚੋਂ ਜ਼ਿਆਦਾਤਰ ਹੌਦੀਆਂ ਦੇ ਢੱਕਣ ਨਹੀਂ ਹਨ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਇਸਦੇ ਨਾਲ ਹੀ ਸੜਕ ਕਿਨਾਰੇ 'ਤੇ ਇੰਟਰਲਾਕਿੰਗ ਟਾਈਲਾਂ ਵੀ ਲਗਾਈ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਿਗਮ ਪ੍ਰਸ਼ਾਸਨ ਵਲੋਂ ਇਸ ਕੰਮ ਲਈ 30 ਮਈ ਤੱਕ ਦਾ ਸਮਾਂ ਦਿੱਤਾ ਸੀ, ਜੋ ਬੀਤ ਚੱੁਕਿਆ ਹੈ | ਉਨ੍ਹਾਂ ਅਪੀਲ ਕੀਤੀ ਕਿ ਰਹਿੰਦੇ ਕੰਮ ਨੂੰ ਜਲਦ ਮੁਕੰਮਲ ਕੀਤਾ ਜਾਵੇ |