ਅੰਮਿ੍ਤਸਰ, 20 ਜੂਨ (ਜਸਵੰਤ ਸਿੰਘ ਜੱਸ)-ਆਪਣੀ ਬੁਲੰਦ ਆਵਾਜ਼ ਅਤੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ, ਜੋ ਕਿ ਇੰਗਲੈਂਡ ਦੇ ਜੰਮਪਲ ਤੇ ਵਸਨੀਕ ਹਨ ਤੇ ਕੁਝ ਸਮੇਂ ਤੋਂ ਪੰਜਾਬ ਆਏ ਹੋਏ ਸਨ, ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਇੰਗਲੈਂਡ ਲਈ ਰਵਾਨਾ ਹੋਏ | ਯੂ. ਕੇ. ਰਵਾਨਗੀ ਤੋਂ ਪਹਿਲਾਂ ਭਾਈ ਮੋਰਾਂਵਾਲੀ ਆਪਣੇ ਸਾਥੀਆਂ ਸਮੇਤ ਗੁਰੂ ਨਗਰੀ ਦੇ ਭੰਡਾਰੀ ਪੁਲ ਨਜ਼ਦੀਕ ਪ੍ਰਸਿੱਧ ਗਿਆਨੀ ਟੀ ਸਟਾਲ ਵਿਖੇ ਚਾਹ ਦਾ ਲੁਤਫ ਲੈਣ ਲਈ ਵੀ ਰੁਕੇ | ਇਸ ਮੌਕੇ ਭਾਈ ਮੋਰਾਂਵਾਲੀ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਲਾਲੀ ਰਣੀਕੇ, ਮੈਨੇਜਰ ਸ੍ਰੀ ਦਰਬਾਰ ਸਾਹਿਬ ਰਾਜਿੰਦਰ ਸਿੰਘ ਰੂਬੀ ਅਟਾਰੀ, ਹਰਪ੍ਰੀਤ ਸਿੰਘ ਹੈਪੀ ਲਾਰੰਸ ਰੋਡ, ਕੁਲਵਿੰਦਰ ਸਿੰਘ ਢੋਟ ਤੇ ਹੋਰਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਪੰਥਕ ਹਾਲਾਤਾਂ ਬਾਰੇ ਵੀ ਵਿਚਾਰ ਚਰਚਾ ਕੀਤੀ | ਚਾਹ ਦਾ ਲੁਤਫ ਲੈਣ ਸਮੇਂ ਭਾਈ ਮੋਰਾਂਵਾਲੀ ਨਾਲ ਰਾਮ ਬਾਗ ਵਿਖੇ ਸੈਰ ਕਰਨ ਆਏ ਸ਼ਹਿਰ ਵਾਸੀਆਂ ਨੇ ਤਸਵੀਰਾਂ ਵੀ ਖਿਚਵਾਈਆਂ | ਇਸ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਅੰਮਿ੍ਤਸਰ ਹਵਾਈ ਅੱਡਾ ਲਈ ਰਵਾਨਾ ਹੋ ਗਏ | ਉਨ੍ਹਾਂ ਕਿਹਾ ਕਿ ਉਹ ਮੁੜ ਜਲਦੀ ਹੀ ਪੰਜਾਬ ਆਉਣਗੇ ਤੇ ਵੱਖ-ਵੱਖ ਗੁਰਮਤਿ ਸਮਾਗਮਾਂ ਵਿਚ ਸ਼ਿਰਕਤ ਕਰਨਗੇ |